ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ’ਚ ਜ਼ਮੀਨੀ ਹਮਲੇ ਸ਼ੁਰੂ, 41 ਲੋਕਾਂ ਦੀ ਮੌਤ, 3 ਲੱਖ ਲੋਕਾਂ ਨੇ ਛੱਡਿਆ ਸ਼ਹਿਰ

Wednesday, Sep 17, 2025 - 12:43 PM (IST)

ਇਜ਼ਰਾਈਲ ਵੱਲੋਂ ਗਾਜ਼ਾ ਸ਼ਹਿਰ ’ਚ ਜ਼ਮੀਨੀ ਹਮਲੇ ਸ਼ੁਰੂ, 41 ਲੋਕਾਂ ਦੀ ਮੌਤ, 3 ਲੱਖ ਲੋਕਾਂ ਨੇ ਛੱਡਿਆ ਸ਼ਹਿਰ

ਤੇਲ ਅਵੀਵ (ਇੰਟ.)- ਇਜ਼ਰਾਈਲ ਨੇ ਗਾਜ਼ਾ ਸ਼ਹਿਰ ਵਿਚ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ਹਨ। ਸੀ. ਐੱਨ. ਐੱਨ. ਨੇ ਮੰਗਲਵਾਰ ਸਵੇਰੇ 2 ਇਜ਼ਰਾਈਲੀ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਦੀ ਪੁਸ਼ਟੀ ਕੀਤੀ। ਇਹ ਹਮਲਾ ਗਾਜ਼ਾ ਸ਼ਹਿਰ ਦੇ ਬਾਹਰੀ ਇਲਾਕਿਆਂ ਤੋਂ ਸ਼ੁਰੂ ਹੋਇਆ। ਇਜ਼ਰਾਈਲ ਦੇ ਹਵਾਈ ਹਮਲੇ ਰਾਤ ਭਰ ਇੱਥੇ ਜਾਰੀ ਰਹੇ। ਇਨ੍ਹਾਂ ਹਮਲਿਆਂ ਵਿਚ 41 ਲੋਕ ਮਾਰੇ ਗਏ। ਇਜ਼ਰਾਈਲੀ ਫੌਜ ਦੇ ਇਕ ਅਧਿਕਾਰੀ ਅਨੁਸਾਰ ਹੁਣ ਤੱਕ ਲੱਗਭਗ 3.2 ਲੱਖ ਲੋਕ ਸ਼ਹਿਰ ਛੱਡ ਕੇ ਚਲੇ ਗਏ ਹਨ।

ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਕਿਹਾ ਕਿ ਫੌਜ ਬੰਧਕਾਂ ਦੀ ਰਿਹਾਈ ਅਤੇ ਹਮਾਸ ਦੀ ਹਾਰ ਲਈ ਬਹਾਦਰੀ ਨਾਲ ਲੜ ਰਹੀ ਹੈ। ਕਾਟਜ਼ ਨੇ ਕਿਹਾ ਕਿ ਗਾਜ਼ਾ ਸੜ ਰਿਹਾ ਹੈ, ਫੌਜ ਪੂਰੀ ਤਾਕਤ ਨਾਲ ਅੱਤਵਾਦੀ ਟਿਕਾਣਿਆਂ ’ਤੇ ਹਮਲੇ ਕਰ ਰਹੀ ਹੈ। ਇਜ਼ਰਾਈਲ ਨੇ ਪਿਛਲੇ ਮਹੀਨੇ ਮਤਲਬ ਅਗਸਤ ’ਚ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਇਸ ਦੇ ਤਹਿਤ ਲੱਗਭਗ 60 ਹਜ਼ਾਰ ਰਿਜ਼ਰਵ ਫੌਜੀ ਜਵਾਨਾਂ ਨੂੰ ਡਿਊਟੀ ’ਤੇ ਬੁਲਾਉਣ ਦਾ ਨਿਰਦੇਸ਼ ਜਾਰੀ ਕੀਤਾ ਗਿਆ ਸੀ। ਯੋਜਨਾ ਦੇ ਅਨੁਸਾਰ ਗਾਜ਼ਾ ਸ਼ਹਿਰ ’ਤੇ ਕਬਜ਼ਾ ਕਰਨ ਦੀ ਮੁਹਿੰਮ ਲਈ ਕੁੱਲ 1.30 ਲੱਖ ਫੌਜੀ ਜਵਾਨ ਤਾਇਨਾਤ ਕੀਤੇ ਜਾਣਗੇ। ਜਵਾਨਾਂ ਨੂੰ ਡਿਊਟੀ ’ਤੇ ਜਾਣ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਨੋਟਿਸ ਦਿੱਤਾ ਜਾਵੇਗਾ।

ਗਾਜ਼ਾ ਦੇ 75 ਫੀਸਦੀ ਇਲਾਕੇ ’ਤੇ ਇਜ਼ਰਾਈਲ ਦਾ ਕੰਟਰੋਲ

ਇਜ਼ਰਾਈਲ ਦਾ ਮਕਸਦ ਗਾਜ਼ਾ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿਚ ਦਾਖਲ ਹੋਣਾ ਹੈ, ਜਿੱਥੇ ਬਹੁਤ ਸਾਰੇ ਬੰਧਕਾਂ ਦੇ ਅਜੇ ਵੀ ਹਮਾਸ ਦੇ ਕਬਜ਼ੇ ਵਿਚ ਹੋਣ ਦੀ ਸੰਭਾਵਨਾ ਹੈ। ਇਹ ਉਹ ਇਲਾਕੇ ਹਨ, ਜਿੱਥੇ ਇਜ਼ਰਾਈਲੀ ਫੌਜ ਨੇ ਹੁਣ ਤੱਕ ਵੱਡੇ ਪੱਧਰ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਜ਼ਰਾਈਲੀ ਫੌਜ (ਆਈ. ਡੀ. ਐੱਫ.) ਦੇ ਅਨੁਸਾਰ ਗਾਜ਼ਾ ਪੱਟੀ ਦੇ ਲੱਗਭਗ 75 ਫੀਸਦੀ ਹਿੱਸੇ ’ਤੇ ਉਸ ਦਾ ਕੰਟਰੋਲ ਹੈ। ਗਾਜ਼ਾ ਸ਼ਹਿਰ ਉਸ 25 ਫੀਸਦੀ ਇਲਾਕੇ ਵਿਚ ਹੈ ਜੋ, ਆਈ. ਡੀ. ਐੱਫ. ਦੇ ਕੰਟਰੋਲ ਵਿਚ ਨਹੀਂ ਹੈ। ਮੌਜੂਦਾ ਸਮੇਂ ਵਿਚ ਗਾਜ਼ਾ ’ਚ ਹਮਾਸ ਦੇ 50 ਬੰਧਕ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਉਨ੍ਹਾਂ ਵਿਚੋਂ 20 ਅਜੇ ਵੀ ਜ਼ਿੰਦਾ ਹਨ, ਜਦੋਂ ਕਿ 28 ਮਾਰੇ ਗਏ ਹਨ।


author

cherry

Content Editor

Related News