ਇਜ਼ਰਾਈਲ ਨੇ 72 ਘੰਟਿਆਂ ’ਚ 6 ਮੁਸਲਿਮ ਦੇਸ਼ਾਂ ’ਤੇ ਕੀਤਾ ਹਮਲਾ : 200 ਲੋਕਾਂ ਦੀ ਮੌਤ, 1000 ਜ਼ਖਮੀ
Friday, Sep 12, 2025 - 01:35 PM (IST)

ਯੇਰੂਸ਼ਲਮ (ਏਜੰਸੀਆਂ)- ਇਜ਼ਰਾਈਲ ਨੇ ਪਿਛਲੇ 72 ਘੰਟਿਆਂ ਵਿਚ 6 ਦੇਸ਼ਾਂ ’ਤੇ ਹਮਲਾ ਕੀਤਾ ਹੈ। ਇਨ੍ਹਾਂ ਵਿਚ ਗਾਜ਼ਾ (ਫਿਲਸਤੀਨ) ਸਮੇਤ ਸੀਰੀਆ, ਲਿਬਨਾਨ, ਕਤਰ, ਯਮਨ ਅਤੇ ਟਿਊਨੀਸ਼ੀਆ ਸ਼ਾਮਲ ਹਨ। ਇਨ੍ਹਾਂ ਹਮਲਿਆਂ ਵਿਚ 200 ਤੋਂ ਵੱਧ ਲੋਕ ਮਾਰੇ ਗਏ ਅਤੇ 1000 ਤੋਂ ਵੱਧ ਜ਼ਖਮੀ ਹੋਏ ਹਨ।
ਇਹ ਹਮਲੇ ਸੋਮਵਾਰ ਅਤੇ ਬੁੱਧਵਾਰ ਦੇ ਵਿਚਕਾਰ ਕੀਤੇ ਗਏ। ਇਜ਼ਰਾਈਲ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇਸ ’ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਹੈ। ਹਾਲਾਂਕਿ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਤਰ ਦੀ ਰਾਜਧਾਨੀ ਦੋਹਾ ਵਿਚ ਹਮਾਸ ਅਧਿਕਾਰੀਆਂ ’ਤੇ ਹਮਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਇਸ ਹਮਲੇ ਦੀ ਤੁਲਨਾ 9/11 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਦੀ ਕਾਰਵਾਈ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਉਹੀ ਕੰਮ ਕੀਤਾ ਹੈ, ਜੋ ਉਸ ਸਮੇਂ ਅਮਰੀਕਾ ਨੇ ਕੀਤਾ ਸੀ।
ਉੱਥੇ ਹੀ ਗਾਜ਼ਾ ਵਿਚ ਇਜ਼ਰਾਈਲ ਦੇ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮੈਡੀਕਲ ਸੂਤਰਾਂ ਅਨੁਸਾਰ ਅੱਜ ਸਵੇਰ ਤੋਂ ਹੁਣ ਤੱਕ 22 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 16 ਲੋਕ ਗਾਜ਼ਾ ਸ਼ਹਿਰ ’ਚ ਮਾਰੇ ਗਏ ਜਦੋਂ ਕਿ 5 ਲੋਕ ਉਦੋਂ ਮਾਰੇ ਗਏ, ਜਦੋਂ ਉਹ ਮਨੁੱਖੀ ਸਹਾਇਤਾ ਦੀ ਭਾਲ ਕਰ ਰਹੇ ਸਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ 72 ਲਾਸ਼ਾਂ ਹਸਪਤਾਲਾਂ ’ਚ ਲਿਆਂਦੀਆਂ ਗਈਆਂ ਹਨ ਅਤੇ 356 ਲੋਕ ਜ਼ਖਮੀ ਹੋਏ ਹਨ।
ਇਜ਼ਰਾਈਲ ਵਿਰੁੱਧ ਇਕੱਠੇ ਹੋਣ ਮੁਸਲਿਮ ਦੇਸ਼ : ਆਸਿਫ਼
ਉੱਥੇ ਹੀ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਤਰ ਦੀ ਰਾਜਧਾਨੀ ਦੋਹਾ ’ਤੇ ਇਜ਼ਰਾਈਲੀ ਹਮਲਿਆਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਦੇਸ਼ਾਂ ਨੂੰ ਇਕੱਠੇ ਹੋ ਕੇ ਆਪਣੀ ਆਰਥਿਕ ਤਾਕਤ ਨਾਲ ਇਜ਼ਰਾਈਲ ਦਾ ਮੁਕਾਬਲਾ ਕਰਨਾ ਚਾਹੀਦਾ ਹੈ। ਆਸਿਫ਼ ਨੇ ਕਿਹਾ ਕਿ ਇਜ਼ਰਾਈਲ ਮੁਸਲਿਮ ਦੇਸ਼ਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਇਹ ਸੋਚਣਾ ਗਲਤ ਹੈ ਕਿ ਇਜ਼ਰਾਈਲ ਅੱਗੇ ਝੁਕ ਕੇ ਕੋਈ ਵੀ ਸੁਰੱਖਿਅਤ ਰਹੇਗਾ। ਖਵਾਜਾ ਆਸਿਫ਼ ਨੇ ‘ਐਕਸ’ ’ਤੇ ਲਿਖਿਆ ਕਿ ਮੁਸਲਿਮ ਦੇਸ਼ਾਂ ਨੂੰ ਹੁਣ ਇਜ਼ਰਾਈਲ ਵਿਰੁੱਧ ਇਕੱਠੇ ਹੋਣਾ ਪਵੇਗਾ। ਉਸ ਦਾ ਮਕਸਦ ਮੁਸਲਿਮ ਦੇਸ਼ਾਂ ਦੀ ਸ਼ਕਤੀ ਨੂੰ ਖਤਮ ਕਰਨਾ ਹੈ। ਇਜ਼ਰਾਈਲ ਖਿਲਾਫ ਨਰਮੀ ਵਰਤਣਾ ਗਲਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ, ਜੋ ਕਿ ਆਰਥਿਕ ਤੌਰ ’ਤੇ ਕਮਜ਼ੋਰ ਹੈ, ਨੇ ਆਪਣੇ ਨਾਲੋਂ ਪੰਜ ਗੁਣਾ ਵੱਡੇ ਭਾਰਤ ਨੂੰ ਸਬਕ ਸਿਖਾਇਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕੋਈ ਬਾਹਰੋਂ ਨਹੀਂ ਦਿੰਦਾ। ਦੂਜਿਆਂ ਦੀ ਮਦਦ ਮਾਇਨੇ ਰੱਖਦੀ ਹੈ ਪਰ ਤਾਕਤ ਅੰਦਰੋਂ ਆਉਂਦੀ ਹੈ।