ਗਾਜ਼ਾ ’ਚ ਹਮਲੇ ਤੇਜ਼ ; ਇਜ਼ਰਾਈਲ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ
Monday, Sep 15, 2025 - 10:21 AM (IST)

ਯੇਰੂਸ਼ਲਮ (ਭਾਸ਼ਾ)– ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਐਤਵਾਰ ਨੂੰ ਇਜ਼ਰਾਈਲ ਪਹੁੰਚੇ। ਇਸ ਦੌਰਾਨ ਇਜ਼ਰਾਈਲ ਨੇ ਉੱਤਰੀ ਗਾਜ਼ਾ ’ਤੇ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਕਾਰਨ ਇਕ ਉੱਚੀ ਇਮਾਰਤ ਤਬਾਹ ਹੋ ਗਈ ਅਤੇ ਘੱਟੋ-ਘੱਟ 12 ਫਿਲਸਤੀਨੀ ਮਾਰੇ ਗਏ।
ਰੂਬੀਓ ਨੇ ਦੌਰੇ ਤੋਂ ਪਹਿਲਾਂ ਕਿਹਾ ਸੀ ਕਿ ਉਹ ਇਜ਼ਰਾਈਲੀ ਅਧਿਕਾਰੀਆਂ ਤੋਂ ਜਵਾਬ ਮੰਗਣਗੇ ਕਿ ਉਹ ਪਿਛਲੇ ਹਫ਼ਤੇ ਕਤਰ ਵਿਚ ਹਮਾਸ ਦੇ ਮੈਂਬਰਾਂ ’ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਗਾਜ਼ਾ ਵਿਚ ਅੱਗੇ ਵਧਣ ਦੇ ਰਸਤੇ ਨੂੰ ਕਿਵੇਂ ਦੇਖਦੇ ਹਨ। ਉਨ੍ਹਾਂ ਦਾ ਦੋ ਰੋਜ਼ਾ ਦੌਰਾ ਤੇਜ਼ੀ ਨਾਲ ਅਲੱਗ-ਥਲੱਗ ਪੈ ਰਹੇ ਇਜ਼ਰਾਈਲ ਲਈ ਸਮਰਥਨ ਦਾ ਪ੍ਰਦਰਸ਼ਨ ਵੀ ਹੈ, ਕਿਉਂਕਿ ਸੰਯੁਕਤ ਰਾਸ਼ਟਰ ਵਿਚ ਇਕ ਫਿਲਸਤੀਨੀ ਰਾਜ ਦੀ ਸਿਰਜਣਾ ਪ੍ਰਤੀ ਵਚਨਬੱਧਤਾ ’ਤੇ ਇਕ ਵਿਵਾਦਪੂਰਨ ਬਹਿਸ ਹੋਣ ਦੀ ਉਮੀਦ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫਿਲਸਤੀਨ ਨੂੰ ਇਕ ਰਾਜ ਵਜੋਂ ਮਾਨਤਾ ਦੇਣ ਦੇ ਕਿਸੇ ਵੀ ਸੰਭਾਵੀ ਕਦਮ ਦਾ ਸਖ਼ਤ ਵਿਰੋਧ ਕਰਦੇ ਰਹੇ ਹਨ।
ਰੂਬੀਓ ਦਾ ਇਹ ਦੌਰਾ ਦੋਹਾ ਵਿਚ ਹਮਾਸ ਨੇਤਾਵਾਂ ’ਤੇ ਇਜ਼ਰਾਈਲੀ ਹਮਲੇ ਨੂੰ ਲੈ ਕੇ ਨੇਤਨਯਾਹੂ ’ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗੁੱਸੇ ਦੇ ਬਾਵਜੂਦ ਹੋ ਰਿਹਾ ਹੈ। ਟਰੰਪ ਨੇ ਕਿਹਾ ਸੀ ਕਿ ਇਜ਼ਰਾਈਲ ਨੇ ਹਮਲੇ ਬਾਰੇ ਅਮਰੀਕਾ ਨੂੰ ਪਹਿਲਾਂ ਤੋਂ ਸੂਚਿਤ ਨਹੀਂ ਕੀਤਾ ਸੀ। ਸਥਾਨਕ ਹਸਪਤਾਲਾਂ ਅਨੁਸਾਰ ਐਤਵਾਰ ਨੂੰ ਗਾਜ਼ਾ ਵਿਚ ਕਈ ਇਜ਼ਰਾਈਲੀ ਹਮਲਿਆਂ ’ਚ ਘੱਟੋ-ਘੱਟ 12 ਫਿਲਸਤੀਨੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ।