ਹੜ੍ਹਾਂ ਵਿਚਾਲੇ ਮਹਿੰਗਾਈ ਦੀ ਮਾਰ ! 1000 ਰੁਪਏ ਤੱਕ ਪੁੱਜ ਗਈਆਂ ਆਟੇ ਦੀ ਥੈਲੀ ਦੀਆਂ ਕੀਮਤਾਂ
Thursday, Aug 28, 2025 - 04:09 PM (IST)

ਸਿੰਧ (ਏਜੰਸੀ)- ਸਿੰਧ ਵਿੱਚ ਅਚਾਨਕ ਆਟੇ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸਿਰਫ ਕੁਝ ਦਿਨਾਂ ਵਿੱਚ 10 ਕਿਲੋ ਆਟੇ ਦੀ ਥੈਲੀ 150 ਤੋਂ 180 ਰੁਪਏ ਮਹਿੰਗੀ ਹੋ ਗਈ ਹੈ ਅਤੇ ਹੁਣ ਇਹ 950 ਤੋਂ 1,000 ਰੁਪਏ ਵਿੱਚ ਵਿਕ ਰਹੀ ਹੈ। ਇਸ ਵਾਧੇ ਨੇ ਘਰੇਲੂ ਖਰਚਿਆਂ ਨੂੰ ਹੋਰ ਭਾਰੀ ਬਣਾ ਦਿੱਤਾ ਹੈ।
ਸਰਕਾਰੀ ਅੰਕੜਿਆਂ ਮੁਤਾਬਕ, ਇਸ ਸਮੇਂ ਸਿਰਫ ਸਿੰਧ ਵਿੱਚ 9 ਲੱਖ ਟਨ ਤੋਂ ਵੱਧ ਕਣਕ ਦਾ ਸਟਾਕ ਮੌਜੂਦ ਹੈ, ਜਿਸ ਵਿਚ ਇਕੱਲੇ ਹੈਦਰਾਬਾਦ ਵਿੱਚ ਹੀ ਲਗਭਗ 2 ਤੋਂ 2.5 ਲੱਖ ਬੋਰੀਆਂ ਗੋਦਾਮਾਂ ਵਿੱਚ ਰੱਖੀਆਂ ਗਈਆਂ ਹਨ। ਇਸਦੇ ਬਾਵਜੂਦ ਮਾਰਕੀਟ ਵਿੱਚ ਆਟੇ ਦੀ ਕਮੀ ਅਤੇ ਕੀਮਤਾਂ ਦੇ ਵਧਣ ਨੂੰ ਲੈ ਕੇ ਗੰਭੀਰ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ : 802 ਮੌਤਾਂ ਤੇ 1000 ਤੋਂ ਵਧੇਰੇ ਜ਼ਖਮੀ! ਮੋਹਲੇਧਾਰ ਮੀਂਹ ਤੇ ਅਚਾਨਕ ਹੜ੍ਹਾਂ ਨੇ ਮਚਾਇਆ ਕਹਿਰ
2023-24 ਸੀਜ਼ਨ ਵਿੱਚ ਸਰਕਾਰ ਨੇ 40 ਕਿਲੋ (ਪ੍ਰਤੀ ਮਣ) ਕਣਕ 2,200 ਰੁਪਏ ਦੀ ਦਰ ‘ਤੇ ਖਰੀਦੀ ਸੀ। ਪਰ ਇਸ ਸਾਲ ਕੋਈ ਸਰਕਾਰੀ ਖਰੀਦ ਨਹੀਂ ਹੋਈ, ਜਿਸ ਕਰਕੇ ਕਿਸਾਨਾਂ ਨੂੰ ਸਿੱਧੇ ਵਪਾਰੀਆਂ ਨੂੰ ਹੀ ਕਣਕ ਵੇਚਣੀ ਪਈ। ਹੁਣ ਇਹੀ ਵਪਾਰੀ ਸਪਲਾਈ ਰੋਕ ਕੇ ਬਜ਼ਾਰ ‘ਚ ਮਨਮਾਨੀਆਂ ਕੀਮਤਾਂ ਵਸੂਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ : ਅਣਮਿੱਥੇ ਸਮੇਂ ਲਈ ਸਕੂਲ ਬੰਦ! ਹੜ੍ਹਾਂ ਤੇ ਭਾਰੀ ਮੀਂਹ ਨੂੰ ਦੇਖਦਿਆਂ ਲਿਆ ਗਿਆ ਫੈਸਲਾ
ਅਟਾ ਚੱਕੀ ਓਨਰਜ਼ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਨੇ ਕਿਹਾ ਕਿ ਇਹ ਹਾਲਾਤ ਸਿੱਧੇ ਤੌਰ ‘ਤੇ ਸਰਕਾਰ ਦੇ ਅਧਿਕਾਰਾਂ ਨੂੰ ਚੁਣੌਤੀ ਹਨ। ਉਨ੍ਹਾਂ ਦੱਸਿਆ ਕਿ ਸਿਰਫ਼ 10 ਦਿਨਾਂ ਦੇ ਅੰਦਰ, ਸਿੰਧ ਅਤੇ ਪਾਕਿਸਤਾਨ ਦੇ ਪੰਜਾਬ ਵਿੱਚ 100 ਕਿਲੋਗ੍ਰਾਮ ਕਣਕ ਦੀ ਬੋਰੀ ਦੀ ਕੀਮਤ 2,300-2,400 ਰੁਪਏ ਤੱਕ ਵੱਧ ਗਈ ਹੈ। ਕਿਸਾਨਾਂ ਤੋਂ 2,200 ਰੁਪਏ ਪ੍ਰਤੀ ਮਣ ਦੀ ਦਰ ਨਾਲ ਖਰੀਦੀ ਗਈ ਕਣਕ ਹੁਣ 3,200 ਰੁਪਏ ਪ੍ਰਤੀ 40 ਕਿਲੋ ‘ਤੇ ਵੇਚੀ ਜਾ ਰਹੀ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਵੇਂ ਪਹਿਲਾਂ ਵੀ ਔਰਤਾਂ ਨੂੰ ਆਟੇ ਦੇ ਟਰੱਕਾਂ ਪਿੱਛੇ ਭੱਜਣਾ ਪਿਆ ਸੀ ਅਤੇ ਮਾਰਾਮਾਰੀ ਵਿੱਚ ਜਾਨਾਂ ਵੀ ਗਈਆਂ ਸਨ, ਉਸੇ ਤਰ੍ਹਾਂ ਦੀ ਸਥਿਤੀ ਮੁੜ ਪੈਦਾ ਹੋ ਸਕਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਮ੍ਹਾਂ ਕੀਤੀ ਕਣਕ ਨੂੰ ਬਰਾਮਦ ਕਰਨ ਲਈ ਤੁਰੰਤ ਵੱਡੇ ਪੱਧਰ 'ਤੇ ਛਾਪੇਮਾਰੀ ਕਰੇ ਅਤੇ ਮੁਨਾਫ਼ਾਖੋਰਾਂ ਵਿਰੁੱਧ ਸਖ਼ਤ ਸਜ਼ਾਵਾਂ ਲਾਗੂ ਕਰੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਸਮੇਂ ‘ਤੇ ਕਾਰਵਾਈ ਨਾ ਕੀਤੀ ਤਾਂ ਲੋਕਾਂ ਨੂੰ ਇੱਕ ਵਾਰ ਫਿਰ ਖੁਰਾਕੀ ਅਸੁਰੱਖਿਆ ਦਾ ਸਾਹਮਣਾ ਕਰਨਾ ਪਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8