ਇਜ਼ਰਾਇਲ ਸਕਿਓਰਿਟੀ ਕੈਬਨਿਟ ਨੇ ਹਮਾਸ ਨਾਲ ਜੰਗਬੰਦੀ ਨੂੰ ਦਿੱਤੀ ਪ੍ਰਵਾਨਗੀ
Saturday, Jan 18, 2025 - 01:01 PM (IST)
ਯੇਰੂਸ਼ਲਮ (ਏਜੰਸੀ)- ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਸਮਝੌਤੇ ਨੂੰ ਸਕਿਓਰਿਟੀ ਕੈਬਨਿਟ ਨੇ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਜੰਗ ਰੋਕਣ ਲਈ ਕੀਤੇ ਗਏ ਸਮਝੌਤੇ ਸਹੀ ਹਨ। ਇਜ਼ਰਾਈਲੀ ਮੀਡੀਆ ਵਿਚ ਜੰਗਬੰਦੀ ਸਮਝੌਤੇ ਨੂੰ ਅਸਲ ਵਿਚ ਬੰਧਕਾਂ ਦੀ ਰਿਹਾਈ ਲਈ ਇਕ ਸਮਝੌਤੇ ਵਜੋਂ ਦਰਸਾਇਆ ਜਾ ਰਿਹਾ ਹੈ, ਜਿਸ ’ਤੇ ਅਜੇ ਕੈਬਨਿਟ ਦੀ ਮੋਹਰ ਲੱਗਣੀ ਬਾਕੀ ਹੈ।
ਨੇਤਨਯਾਹੂ ਕੈਬਨਿਟ ’ਚ ਵਿੱਤ ਮੰਤਰੀ ਬੇਜ਼ਲੇਲ ਸਮੋਟ੍ਰਿਚ ਤੇ ਰਾਸ਼ਟਰੀ ਸੁਰੱਖਿਆ ਮੰਤਰੀ ਇਟਾਮਾਰ ਬੇਨ ਗਵਿਰ ਨੇ ਸਕਿਓਰਿਟੀ ਕੈਬਨਿਟ ਵਿਚ ਇਸ ਸਮਝੌਤੇ ਦੇ ਵਿਰੁੱਧ ਵੋਟ ਪਾਈ। ਇਸ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਉਸ ਟੀਮ ਨਾਲ ਵੀ ਮੀਟਿੰਗ ਕੀਤੀ ਸੀ, ਜੋ ਦੋਹਾ ਤੋਂ ਸਮਝੌਤੇ ’ਤੇ ਦਸਤਖਤ ਕਰ ਕੇ ਪਰਤੀ ਹੈ। ਸਮਝੌਤੇ ’ਤੇ ਹੁਣ ਪੂਰਨ ਕੈਬਨਿਟ ਦੀ ਵੋਟਿੰਗ ਹੋਵੇਗੀ ਅਤੇ ਫਿਰ ਪਤਾ ਲੱਗੇਗਾ ਕਿ ਇਸਨੂੰ ਪਾਸ ਕੀਤਾ ਜਾਏਗਾ ਜਾਂ ਨਹੀਂ। ਇਜ਼ਰਾਈਲੀ ਮੀਡੀਆ ਮੁਤਾਬਕ, ਸਿਰਫ ਸ਼ਨੀਵਾਰ ਸ਼ਾਮ ਨੂੰ ਪੂਰੀ ਕੈਬਨਿਟ ਮੀਟਿੰਗ ਕਰਨ ਨਾਲ ਸਮਝੌਤੇ ਨੂੰ ਲਾਗੂ ਕਰਨ ਵਿਚ ਐਤਵਾਰ ਤੋਂ ਸੋਮਵਾਰ ਤੱਕ ਦੇਰੀ ਹੋ ਸਕਦੀ ਹੈ। ਹਾਲਾਂਕਿ, ਨੇਤਨਯਾਹੂ ਦੇ ਦਫ਼ਤਰ ਨੇ ਬਾਅਦ ਵਿਚ ਕਿਹਾ ਕਿ ਸਮਝੌਤਾ ਯੋਜਨਾ ਅਨੁਸਾਰ ਐਤਵਾਰ ਤੋਂ ਪ੍ਰਭਾਵੀ ਹੋਵੇਗਾ।