ਇਜ਼ਰਾਇਲ ’ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਐਤਵਾਰ ਨੂੰ ਸੰਸਦ ’ਚ ਹੋਵੇਗੀ ਵੋਟਿੰਗ

Tuesday, Jun 08, 2021 - 06:00 PM (IST)

ਯੇਰੁਸ਼ਲਮ (ਭਾਸ਼ਾ) : ਇਜ਼ਰਾਇਲੀ ਸੰਸਦ ਦੇ ਪ੍ਰਧਾਨ ਨੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਐਤਵਾਰ ਨੂੰ ਵੋਟਿੰਗ ਕਰਾਉਣ ਦੀ ਘੋਸ਼ਣਾ ਕੀਤੀ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦਾ 12 ਸਾਲ ਦਾ ਸ਼ਾਸਨ ਸਮਾਪਤ ਹੋ ਜਾਏਗਾ। ਨੇਤਨਯਾਹੂ ਦੇ ਸਹਿਯੋਗੀ ਅਤੇ ਸੰਸਦ ਦੇ ਸਪੀਕਰ ਯਾਰੀਵ ਲੇਵਿਨ ਨੇ ਮੰਗਲਵਾਰ ਨੂੰ ਵੋਟਾਂ ਦੀ ਤਾਰੀਖ਼ ਅਤੇ ਸਮੇਂ ਦੀ ਘੋਸ਼ਣਾ ਕੀਤੀ। ਨਵੀਂ ਸਰਕਾਰ ਬਣਾਉਣ ਲਈ 8 ਰਾਜਨੀਤਕ ਦਲਾਂ ਵਿਚਾਲੇ ਹੋਏ ਗਠਬੰਧਨ ਨਾਲ ਇਜ਼ਰਾਇਲ ਦਾ ਰਾਜਨੀਤਕ ਦ੍ਰਿਸ਼ ਪੂਰੀ ਤਰ੍ਹਾਂ ਬਦਲ ਗਿਆ ਹੈ। 120 ਸੰਸਦ ਮੈਂਬਰਾਂ ਦੀ ਸੰਸਦ ਨੀਸੇਟ ਵਿਚ ਗਠਬੰਧਨ ਕੋਲ ਸਰਕਾਰ ਬਣਾਉਣ ਲਈ ਬਹੁਮਤ ਤੋਂ ਕੁੱਝ ਹੀ ਜ਼ਿਆਦਾ ਮੈਂਬਰਾਂ ਦਾ ਸਮਰਥਨ ਹੈ। ਗਠਬੰਧਨ ਨੂੰ ਤੋੜਨ ਲਈ ਨੇਤਨਯਾਹੂ ਦੇ ਸਮਰਥਕਾਂ ਨੇ ਸੰਸਦ ਮੈਂਬਰਾਂ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਦੇ ਇਲਾਵਾ ਉਨ੍ਹਾਂ ਨੂੰ ਜਾਨ ਨਾਲ ਮਾਰਨ ਦੀ ਧਮਕੀ ਵੀ ਦਿੱਤੀ ਪਰ ਇਸ ਦੇ ਬਾਵਜੂਦ ਗਠਬੰਧਨ ਸਰਕਾਰ ਬਣਾਉਣ ਨੂੰ ਲੈ ਕੇ ਵਚਨਬੱਧ ਹੈ।

ਨੇਤਨਯਾਹੂ ਨੇ ਆਪਣੇ ਸਾਬਕਾ ਸੱਜੇਪੱਖੀ ਸਹਿਯੋਗੀਆਂ ’ਤੇ ਖੱਬੇਪੱਖੀ ਅਤੇ ਅਰਬ ਪਾਰਟੀ ਨਾਲ ਗਠਬੰਧਨ ਕਰਨ ਲਈ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ ਹੈ। ਗਠਬੰਧਨ ਦੇ ਨੇਤਾਵਾਂ ਵਿਚਾਲੇ ਹੋਏ ਸਮਝੌਤੇ ਮੁਤਾਬਕ ਨੇਤਨਯਾਹੂ ਦੇ ਸਾਬਕਾ ਸਹਿਯੋਗੀ ਅਤੇ ਅਤਿਰਾਸ਼ਟਰਵਾਦੀ ਨੇਤਾ ਨਾਫਲਤੀ ਬੇਨੇਟ ਸ਼ੁਰੂਆਤੀ 2 ਸਾਲ ਲਈ ਪ੍ਰਧਾਨ ਮੰਤਰੀ ਬਣਨਗੇ। ਇਸ ਦੇ ਬਾਅਦ ਯਾਈਰ ਲੇਪਿਡ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ, ਜਿਨ੍ਹਾਂ ਨੂੰ ਗਠਬੰਧਨ ਦਾ ਪ੍ਰਮੁਖ ਰਣਨੀਤੀਕਾਰ ਮੰਨਿਆ ਜਾ ਰਿਹਾ ਹੈ। ਲੇਪਿਡ ਨੇ ਸੰਸਦ ਦੇ ਸਪੀਕਰ ਦਾ ਧੰਨਵਾਦ ਕਰਦੇ ਹੋਏ ਕਿਹਾ, ‘ਗਠਬੰਧਨ ਸਰਕਾਰ ਅੱਗੇ ਵੱਧ ਕੇ ਇਜ਼ਰਾਇਲ ਦੇ ਲੋਕਾਂ ਲਈ ਕੰਮ ਕਰਨ ਨੂੰ ਤਿਆਰ ਹੈ।’ ਜ਼ਿਕਰਯੋਗ ਹੈ ਕਿ ਪਿਛਲੇ 2 ਸਾਲਾਂ ਤੋਂ ਵੀ ਘੱਟ ਸਮੇਂ ਦੌਰਾਨ ਇਜ਼ਰਾਇਲ ਵਿਚ 4 ਵਾਰ ਆਮ ਚੋਣਾਂ ਹੋ ਚੁੱਕੀਆਂ ਹਨ। ਨੇਤਨਯਾਹੂ ਨੂੰ ਅਹੁਦੇ ’ਤੇ ਬਣੇ ਰਹਿਣਾ ਚਾਹੀਦਾ ਹੈ ਜਾਂ ਨਹੀਂ, ਇਸ ਨੂੰ ਲੈਕੇ ਲੋਕਾਂ ਦੇ ਵਿਚਾਰ ਕਾਫ਼ੀ ਵੰਡੇ ਹੋਏ ਹਨ।

ਨੇਤਨਯਾਹੂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ, ਜਿਸ ਦੀ ਜਾਂਚ ਚੱਲ ਰਹੀ ਹੈ। ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਐਮਰਜੈਂਸੀ ਸਰਕਾਰ ਦਾ ਗਠਨ ਕੀਤਾ ਗਿਆ ਸੀ। ਰਾਜਨੀਤਕ ਮਤਭੇਦਾਂ ਕਾਰਨ ਇਹ ਸਰਕਾਰ ਦਸੰਬਰ ਵਿਚ ਹੀ ਡਿੱਗ ਗਈ ਸੀ। ਇਸ ਦੇ ਬਾਅਦ ਮਾਰਚ ਵਿਚ ਹੋਈਆਂ ਚੋਣਾਂ ਦੇ ਬਾਅਦ ਨੇਤਨਯਾਹੂ ਸਰਕਾਰ ਬਣਾਉਣ ਵਿਚ ਅਸਫ਼ਲ ਰਹੇ ਸਨ। ਇਜ਼ਰਾਇਲ ਵਿਚ ਸੱਤਾ ਪਰਿਵਰਤਨ ਸਮੇਤ ਹੋਰ ਰਾਜਨੀਤਕ ਹਲਚਲ ਅਜਿਹੇ ਸਮੇਂ ਵਿਚ ਹੋ ਰਹੀ ਹੈ, ਜਦੋਂ ਹਾਲ ਹੀ ਵਿਚ ਯੇਰੂਸ਼ਲਮ ਵਿਚ ਫਲਸਤੀਨੀ ਪ੍ਰਦਰਸ਼ਨਕਾਰੀਆਂ ਅਤੇ ਇਜ਼ਰਾਇਲੀ ਪੁਲਸ ਵਿਚਾਲੇ 11 ਦਿਨਾਂ ਤੱਕ ਹਿੰਸਕ ਝੜਪਾਂ ਹੋਈਆਂ ਸਨ।
 


cherry

Content Editor

Related News