ਇਮਰਾਨ ਖਾਨ ਨੇ ਗ੍ਰਿਫ਼ਤਾਰ ਕਰਨ ਪਹੁੰਚੀ ਇਸਲਾਮਾਬਾਦ ਪੁਲਸ ਨੂੰ ਦਿੱਤੀ ਝਕਾਣੀ, ਘਰੋਂ ਬੈਰੰਗ ਪਰਤੀ
Monday, Mar 06, 2023 - 12:40 AM (IST)

ਇਸਲਾਮਾਬਾਦ (ਏ. ਐੱਨ. ਆਈ.) : ਪਾਕਿਸਤਾਨ ’ਚ ਤੋਸ਼ਾਖਾਨਾ ਮਾਮਲੇ ’ਚ ਅਦਾਲਤ ਦੀ ਸੁਣਵਾਈ ’ਚ ਲਗਾਤਾਰ ਗੈਰ-ਹਾਜ਼ਰ ਰਹਿਣ ’ਤੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਐਤਵਾਰ ਨੂੰ ਲਾਹੌਰ ’ਚ ਜਮਾਨ ਪਾਰਕ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਪਰ ਇਮਰਾਨ ਖਾਨ ਪੁਲਸ ਨੂੰ ਝਕਾਣੀ ਦੇ ਕੇ ਨਿਕਲ ਗਏ ਅਤੇ ਪੁਲਸ ਨੂੰ ਖਾਲੀ ਹੱਥ ਪਰਤਣਾ ਪਿਆ। ਪਾਰਟੀ ਨੇਤਾ ਫਵਾਦ ਚੌਧਰੀ ਨੇ ਪੁਲਸ ਨੂੰ ‘ਲਾਲ ਰੇਖਾ’ ਪਾਰ ਕਰਨ ’ਤੇ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ : '23 ਸਾਲਾਂ ਤੋਂ ਛੱਤੀਸਗੜ੍ਹ ਨੂੰ ਲੁੱਟਿਆ ਜਾ ਰਿਹਾ', ਭਾਜਪਾ ਤੇ ਕਾਂਗਰਸ 'ਤੇ ਵਰ੍ਹੇ ਅਰਵਿੰਦ ਕੇਜਰੀਵਾਲ
ਇਸਲਾਮਾਬਾਦ ਪੁਲਸ ਆਪਣੇ ਪੰਜਾਬ ਪੁਲਸ ਹਮ-ਅਹੁਦਾ ਅਫ਼ਸਰਾਂ ਦੇ ਨਾਲ ਐਤਵਾਰ ਦੁਪਹਿਰ ਤੋਂ ਬਾਅਦ ਇਮਰਾਨ ਖਾਨ ਦੇ ਘਰ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਪਾਰਟੀ ਨੇਤਾਵਾਂ ਦੇ ਨਾਲ ਪੀ. ਟੀ. ਆਈ. ਸਮਰਥਕਾਂ ਦੀ ਭੀੜ ਦਾ ਸਾਹਮਣਾ ਕਰਨਾ ਪਿਆ ਅਤੇ ਪੁਲਸ ਟੀਮ ਨੂੰ ਸੂਚਿਤ ਕੀਤਾ ਗਿਆ ਕਿ ਪੀ. ਟੀ. ਆਈ. ਪ੍ਰਮੁੱਖ ਘਰ ’ਚ ਨਹੀਂ ਹਨ’। ਪੁਲਸ ਅਧਿਕਾਰੀ ਇਮਰਾਨ ਦੇ ਘਰ ਦੇ ਕਮਰਿਆਂ ’ਚ ਗਏ ਪਰ ਉਹ ਉੱਥੇ ਮਿਲੇ ਨਹੀਂ। ਪੀ. ਟੀ. ਆਈ. ਵਰਕਰਾਂ ਦੀ ਗਿਣਤੀ ਪੁਲਸ ਟੀਮ ’ਚ ਸ਼ਾਮਲ ਮੁਲਾਜ਼ਮਾਂ ਤੋਂ ਜ਼ਿਆਦਾ ਹੋਣ ਕਾਰਨ ਅਤੇ ਇਸਲਾਮਾਬਾਦ ਦੇ ਪੁਲਸ ਮੁਖੀ ਦੇ ਪਹਿਲਾਂ ਇਹ ਕਹਿਣ ਦੇ ਬਾਵਜੂਦ ਕਿ ਉਹ ਖਾਲੀ ਹੱਥ ਵਾਪਸ ਨਹੀਂ ਜਾਣਗੇ, ਗ੍ਰਿਫ਼ਤਾਰੀ ਨਹੀਂ ਕੀਤੀ ਜਾ ਸਕੀ। ਟੈਲੀਵਿਜ਼ਨ ’ਤੇ ਪ੍ਰਸਾਰਿਤ ਫੁਟੇਜ ’ਚ ਵਿਖਾਇਆ ਗਿਆ ਕਿ ਇਸਲਾਮਾਬਾਦ ਪੁਲਸ ਦੇ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਪੁਲਸ ਨੂੰ ਪੀ. ਟੀ. ਆਈ. ਵਰਕਰਾਂ ਨੇ ਜਮਾਨ ਪਾਰਕ ਰਿਹਾਇਸ਼ ਦੇ ਬਾਹਰ ਰੋਕਿਆ ਹੋਇਆ ਹੈ।
ਇਹ ਵੀ ਪੜ੍ਹੋ : ਸਾਊਦੀ ਅਰਬ ’ਚ ਵੱਖ-ਵੱਖ ਅਪਰਾਧਾਂ ਕਾਰਨ 2 ਵਿਅਕਤੀਆਂ ਨੂੰ ਮੌਤ ਦੀ ਸਜ਼ਾ
ਇਸਲਾਮਾਬਾਦ ਪੁਲਸ ਨੇ ਲੜੀਵਾਰ ਟਵੀਟਸ ’ਚ ਕਿਹਾ ਕਿ ਲਾਹੌਰ ਪੁਲਸ ਦੇ ਸਹਿਯੋਗ ਨਾਲ ਇਮਰਾਨ ਨੂੰ ਗ੍ਰਿਫ਼ਤਾਰ ਕਰਨ ਲਈ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ ਅਤੇ ਪੀ. ਟੀ. ਆਈ. ਪ੍ਰਮੁੱਖ ਗ੍ਰਿਫ਼ਤਾਰੀ ਤੋਂ ਬਚ ਰਹੇ ਹਨ। ਪੁਲਸ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਦੇ ਅਮਲ ’ਚ ਰੁਕਾਵਟ ਪਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਡੀਸ਼ਨ ਜ਼ਿਲਾ ਅਤੇ ਸੈਸ਼ਨ ਜੱਜ ਜਫਰ ਇਕਬਾਲ ਨੇ 28 ਫਰਵਰੀ ਨੂੰ ਪੀ. ਟੀ. ਆਈ. ਪ੍ਰਮੁੱਖ ਲਈ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਉਸ ਦਿਨ ਇਮਰਾਨ ਸੁਣਵਾਈ ਲਈ ਨਿੱਜੀ ਰੂਪ ’ਚ ਪੇਸ਼ ਨਹੀਂ ਹੋਏ ਸਨ। ਉਸੇ ਦਿਨ 4 ਮਾਮਲਿਆਂ ’ਚ ਸੁਣਵਾਈ ਹੋਈ ਸੀ, ਜਿਨ੍ਹਾਂ ’ਚੋਂ 3 ਮਾਮਲਿਆਂ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।
ਤੋਸ਼ਾਖਾਨਾ ਮਾਮਲਾ
ਇਮਰਾਨ ਖਾਨ (70) ਨੂੰ ਸੱਤਾ ’ਚ ਆਉਣ ’ਤੇ ਅਧਿਕਾਰਿਕ ਯਾਤਰਾਵਾਂ ’ਚ ਅਤੇ ਵਿਦੇਸ਼ਾਂ ਤੋਂ ਮਹਿੰਗੇ ਤੋਹਫੇ ਮਿਲੇ, ਜੋ ਤੋਸ਼ਾਖਾਨਾ ’ਚ ਜਮ੍ਹਾ ਕੀਤੇ ਗਏ ਸਨ। ਬਾਅਦ ’ਚ ਉਨ੍ਹਾਂ ਨੇ ਉਨ੍ਹਾਂ ਨੂੰ ਸਬੰਧਤ ਦਾ ਕਾਨੂੰਨਾਂ ਅਨੁਸਾਰ ਰਿਆਇਤੀ ਮੁੱਲ ’ਤੇ ਖਰੀਦਿਆ ਅਤੇ ਫਿਰ ਭਾਰੀ ਮੁਨਾਫੇ ’ਤੇ ਵੇਚ ਦਿੱਤਾ। ਤੋਸ਼ਾਖਾਨਾ ਕੈਬਨਿਟ ਡਿਵੀਜ਼ਨ ਦੇ ਅਧੀਨ ਇਕ ਵਿਭਾਗ ਹੈ, ਜੋ ਸ਼ਾਸਕਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਹੋਰ ਸਰਕਾਰਾਂ ਦੇ ਮੁਖੀਆਂ ਅਤੇ ਵਿਦੇਸ਼ੀ ਪਤਵੰਤੇ ਵਿਅਕਤੀਆਂ ਵੱਲੋਂ ਦਿੱਤੇ ਗਏ ਤੋਹਫ਼ਿਆਂ ਨੂੰ ਇਕੱਠਾ ਕਰਦਾ ਹੈ।
ਘਰੋਂ ਪੁਲਸ ਦੇ ਜਾਂਦਿਆਂ ਹੀ ਉਥੋਂ ਹੀ ਕੀਤਾ ਟੀ. ਵੀ. ’ਤੇ ਸੰਬੋਧਨ
ਇਮਰਾਨ ਖਾਨ ਦੇ ਅਤਾ-ਪਤਾ ਨੂੰ ਲੈ ਕੇ ਡੂੰਘੇ ਹੁੰਦੇ ਰਹੱਸ ਤੋਂ ਉਸ ਸਮੇਂ ਪਰਦਾ ਉੱਠਿਆ, ਜਦੋਂ ਉਹ ਪੁਲਸ ਦੇ ਜਾਣ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਜਮਾਨ ਪਾਰਕ ਘਰ ਤੋਂ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਪਾਰਟੀ ਦੇ ਪ੍ਰੋਗਰਾਮ ’ਚ ਸੰਬੋਧਨ ਕਰਦੇ ਵਿਖਾਈ ਦਿੱਤੇ। ਪੀ. ਟੀ. ਆਈ. ਦੇ ਵਫਾਦਾਰਾਂ ਨੂੰ ਸੰਬੋਧਨ ਕਰਦੇ ਹੋਏ ਇਮਰਾਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ, ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਰਾਣਾ ਸਨਾਉੱਲਾਹ ਅਤੇ ਇਕ ਖੁਫੀਆ ਅਧਿਕਾਰੀ ਦਾ ਨਾਂ ਲੈਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਜ਼ੀਰਾਬਾਦ ’ਚ ਹੱਤਿਆ ਦੀ ਕੋਸ਼ਿਸ਼ ਦੇ ਪਿੱਛੇ ਇਹੀ ਲੋਕ ਸਨ।
ਇਹ ਵੀ ਪੜ੍ਹੋ : ਨਸ਼ੇ ਦੇ ਦੈਂਤ ਨੇ ਉਜਾੜਿਆ ਇਕ ਹੋਰ ਘਰ, 45 ਸਾਲਾ ਵਿਅਕਤੀ ਦੀ ਓਵਰਡੋਜ਼ ਨਾਲ ਹੋਈ ਮੌਤ
ਇਮਰਾਨ ਨੇ ਕਿਹਾ ਕਿ ਉਹ ਕਦੇ ਵੀ ਕਿਸੇ ਵਿਅਕਤੀ ਜਾਂ ਸੰਸਥਾ ਦੇ ਸਾਹਮਣੇ ਨਹੀਂ ਝੁਕੇ ਅਤੇ ਤੁਹਾਨੂੰ ਵੀ ਅਜਿਹਾ ਨਹੀਂ ਕਰਨ ਦੇਣਗੇ। ਇਮਰਾਨ ਖਾਨ ਨੇ ਕਿਹਾ ਕਿ ਕਿਸੇ ਦੇਸ਼ ਦਾ ਭਵਿੱਖ ਕੀ ਹੋ ਸਕਦਾ ਹੈ ਜਦੋਂ ਉਸ ’ਤੇ ਸ਼ਾਸਕਾਂ ਦੇ ਰੂਪ ’ਚ ਬਦਮਾਸ਼ਾਂ ਨੂੰ ਥੋਪਿਆ ਜਾਂਦਾ ਹੈ? ਸ਼ਾਹਬਾਜ ਸ਼ਰੀਫ ਨੂੰ ਐੱਨ. ਏ. ਬੀ. ਵੱਲੋਂ 8 ਅਰਬ ਰੁ ਪਏ ਦੇ ਭ੍ਰਿਸ਼ਟਾਚਾਰ ਲਈ ਦੋਸ਼ੀ ਠਹਿਰਾਇਆ ਜਾਣ ਵਾਲਾ ਸੀ ਪਰ ਉਨ੍ਹਾਂ ਨੂੰ ਜਨਰਲ ਬਾਜਵਾ ਨੇ ਬਚਾ ਲਿਆ। ਉਹ ਐੱਨ. ਏ. ਬੀ. ਦੇ ਮਾਮਲਿਆਂ ਦੀ ਸੁਣਵਾਈ ਨੂੰ ਟਾਲਦੇ ਰਹੇ। ਇਸ ਦਰਮਿਆਨ ਪਾਕਿ ਸਰਕਾਰ ਨੇ ਟੀ. ਵੀ. ਚੈਨਲਾਂ ’ਤੇ ਇਮਰਾਨ ਖਾਨ ਦੇ ਭਾਸ਼ਣ ਪ੍ਰਸਾਰਿਤ ਕਰਨ ’ਤੇ ਰੋਕ ਲਾ ਦਿੱਤੀ।