ਇਸਲਾਮਾਬਾਦ ਹਾਈਕੋਰਟ ਨੇ ਕਵੀ ਤੇ ਪੱਤਰਕਾਰ ਦੇ ਅਗਵਾ ਮਾਮਲੇ ’ਚ ਪਾਕਿ ਖੁਫੀਆ ਏਜੰਸੀ ISI ਨੂੰ ਠਹਿਰਾਇਆ ਦੋਸ਼ੀ
Wednesday, May 22, 2024 - 10:53 AM (IST)
ਗੁਰਦਾਸਪੁਰ, ਪਾਕਿਸਤਾਨ (ਵਿਨੋਦ) : ਇਸਲਾਮਾਬਾਦ ਹਾਈ ਕੋਰਟ (ਆਈ.ਐੱਚ.ਸੀ.) ਨੇ ਇਸਲਾਮਾਬਾਦ ਪੁਲਸ ਨੂੰ ਹੁਕਮ ਦਿੱਤਾ ਹੈ ਕਿ ਉਹ ਕਵੀ ਅਹਿਮਦ ਫਰਹਾਦ ਦੇ ਕਥਿਤ ਤੌਰ ’ਤੇ ਲਾਪਤਾ ਹੋਣ ਦੇ ਮਾਮਲੇ ’ਤੇ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਸੈਕਟਰ ਕਮਾਂਡਰ ਤੋਂ ਬਿਆਨ ਲੈ ਕੇ ਰਿਪੋਰਟ ਪੇਸ਼ ਕਰੇ। ਅਦਾਲਤ ਨੇ ਇਕ ਦਿਨ ਦੇ ਅੰਦਰ ਹੁਕਮ ਦਿੱਤਾ। ਸਰਹੱਦ ਪਾਰਲੇ ਸੂਤਰਾਂ ਦੇ ਅਨੁਸਾਰ ਸੀਨੀਅਰ ਜੱਜ ਮੋਹਸਿਨ ਅਖਤਰ ਕਿਆਨੀ ਵਾਲੇ ਆਈ.ਐੱਚ.ਸੀ. ਦੇ ਸਿੰਗਲ ਮੈਂਬਰੀ ਬੈਂਚ ਨੇ ਰੱਖਿਆ ਸਕੱਤਰ ਨੂੰ ਵੀ ਸੰਮਨ ਕੀਤਾ ਅਤੇ ਉਨ੍ਹਾਂ ਨੂੰ ਅੱਜ ਦੁਪਹਿਰ 3 ਵਜੇ ਨਿੱਜੀ ਤੌਰ ’ਤੇ ਅਦਾਲਤ ਵਿਚ ਪੇਸ਼ ਹੋਣ ਅਤੇ ਰਿਪੋਰਟ ਪੇਸ਼ ਕਰਨ ਦਾ ਹੁਕਮ ਦਿੱਤਾ।
ਇਹ ਵੀ ਪੜ੍ਹੋ - ਵਿਦੇਸ਼ ਜਾਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ: ਜੂਨ ਤੋਂ ਮਹਿੰਗਾ ਹੋ ਰਿਹਾ 'ਸ਼ੈਂਨੇਗਨ ਵੀਜ਼ਾ'
ਜੱਜ ਨੇ ਚੇਤਾਵਨੀ ਦਿੱਤੀ ਕਿ ਪੇਸ਼ ਨਾ ਹੋਣ ਦੀ ਸੂਰਤ ’ਚ ਅਦਾਲਤ ਗ੍ਰਿਫ਼ਤਾਰੀ ਵਾਰੰਟ ਜਾਰੀ ਕਰੇਗੀ। ਸੂਤਰਾਂ ਮੁਤਾਬਕ ਅਦਾਲਤ ਨੇ ਕਵੀ ਤੇ ਪੱਤਰਕਾਰ ਅਹਿਮਦ ਫਰਹਾਦ ਦੀ ਪਤਨੀ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤਾ ਹੈ। ਜਿਸ ਨੂੰ ਪਿਛਲੇ ਹਫ਼ਤੇ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ ਸੀ। ਜੱਜ ਨੇ ਕਿਹਾ ਕਿ ਫਰਹਾਦ ਦੀ ਰਿਕਵਰੀ ਲਈ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਬਾਅਦ ਪਿਛਲੀ ਪਟੀਸ਼ਨ ਨੂੰ ਵਾਪਸ ਲੈਣ ਲਈ ਇਕ ਹੋਰ ਅਰਜ਼ੀ ਦਾਇਰ ਕੀਤੀ ਗਈ ਸੀ। ਪਟੀਸ਼ਨਕਰਤਾ ਦੇ ਵਕੀਲ ਇਮਾਨ ਮਜ਼ਾਰੀ ਨੇ ਅਦਾਲਤ ਨੂੰ ਦੱਸਿਆ ਕਿ ਸ਼ੁੱਕਰਵਾਰ 17 ਮਈ ਦੀ ਰਾਤ ਨੂੰ ਪਟੀਸ਼ਨਕਰਤਾ ਨੂੰ ਉਸ ਦੇ ਪਤੀ ਦੇ ਵਟਸਐਪ ਨੰਬਰ ਤੋਂ ਇਕ ਕਾਲ ਆਈ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਪਿਛੋਕੜ ’ਚ ਦੋ ਹੋਰ ਵਿਅਕਤੀਆਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ। ਇਨ੍ਹਾਂ ਲੋਕਾਂ ਨੇ ਕਿਹਾ ਕਿ ਜੇਕਰ ਪਟੀਸ਼ਨ ਵਾਪਸ ਲੈ ਲਈ ਗਈ ਤਾਂ ਕਵੀ ਅਤੇ ਪੱਤਰਕਾਰ ਸ਼ਨੀਵਾਰ ਨੂੰ ਵਾਪਸ ਆ ਜਾਣਗੇ। ਉਸ ਨੇ ਪਟੀਸ਼ਨਰ ਨੂੰ ਅਦਾਲਤ ’ਚ ਝੂਠ ਬੋਲਣ ਲਈ ਕਿਹਾ ਕਿ ਅਹਿਮਦ ਫਰਹਾਦ ਨੂੰ ਅਗਵਾ ਨਹੀਂ ਕੀਤਾ ਗਿਆ ਸੀ। ਮਜ਼ਾਰੀ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਕਿਤੇ ਚਲਾ ਗਿਆ ਸੀ ਅਤੇ ਆਪਣੀ ਮਰਜ਼ੀ ਨਾਲ ਰਿਹਾਅ ਕੀਤਾ ਗਿਆ ਸੀ। ਮਜ਼ਾਰੀ ਦੇ ਅਨੁਸਾਰ, ਅਗਵਾਕਾਰਾਂ ਨੇ ਪਟੀਸ਼ਨਕਰਤਾ ਨਾਲ ਵਾਰ-ਵਾਰ ਸੰਪਰਕ ਕੀਤਾ ਅਤੇ ਉਸ ’ਤੇ ਪਟੀਸ਼ਨ ਵਾਪਸ ਲੈਣ ਲਈ ਬਹੁਤ ਦਬਾਅ ਪਾਇਆ। ਇਮਾਨ ਮਜ਼ਾਰੀ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਬਾਅਦ ’ਚ ਅਗਵਾਕਾਰਾਂ ਨਾਲ ਕੇਸ ਵਾਪਸ ਲੈਣ ਲਈ ਪ੍ਰਸਤਾਵਿਤ ਅਰਜ਼ੀ ਦੇ ਤਿੰਨ ਡਰਾਫਟ ਸਾਂਝੇ ਕੀਤੇ।
ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ
ਮਜ਼ਾਰੀ ਨੇ ਕਿਹਾ ਕਿ ਹਾਲਾਂਕਿ, ਅਸੀਂ ਹੁਣ ਪਟੀਸ਼ਨ ਵਾਪਸ ਨਾ ਲੈਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਅਹਿਮਦ ਫਰਹਾਦ ਕੇਸ ਵਾਪਸ ਲੈਣ ਲਈ ਪਟੀਸ਼ਨ ਦਾਇਰ ਕਰਨ ਦੇ ਬਾਵਜੂਦ ਵਾਪਸ ਨਹੀਂ ਆਇਆ ਹੈ। ਅਦਾਲਤ ਦੇ ਹੁਕਮਾਂ ’ਤੇ ਰੱਖਿਆ ਮੰਤਰਾਲੇ ਦੇ ਨੁਮਾਇੰਦੇ ਅਦਾਲਤ ’ਚ ਪੇਸ਼ ਹੋਏ ਅਤੇ ਕਿਹਾ ਕਿ ਅਗਵਾ ਕੀਤਾ ਗਿਆ ਵਿਅਕਤੀ ਆਈ.ਐੱਸ.ਆਈ. ਦੀ ਹਿਰਾਸਤ ’ਚ ਨਹੀਂ ਹੈ। ਜਸਟਿਸ ਕਿਆਨੀ ਨੇ ਟਿੱਪਣੀ ਕੀਤੀ ਕਿ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਇਹ ਸਪੱਸ਼ਟ ਹੈ ਕਿ ਕਵੀ ਤੇ ਪੱਤਰਕਾਰ ਨੂੰ ਆਈ.ਐਸ.ਆਈ. ਨੇ ਅਗਵਾ ਕੀਤਾ ਹੈ, ਇਸ ਲਈ ਆਈ.ਐਸ.ਆਈ. ਇਸ ਲਈ ਜ਼ਿੰਮੇਵਾਰ ਹੈ। ਇਸੇ ਲਈ ਇਸ ਦੇ ਅਧਿਕਾਰੀਆਂ ਨੂੰ ਅਦਾਲਤ ’ਚ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਹਵਾ 'ਚ ਜ਼ੋਰਦਾਰ ਹਿੱਲਿਆ ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼, 1 ਦੀ ਮੌਤ, 30 ਯਾਤਰੀ ਜ਼ਖ਼ਮੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8