ਡਰੋਨ ਹਮਲੇ ’ਚ ਵਾਲ-ਵਾਲ ਬਚੇ ਇਰਾਕ ਦੇ PM ਕਦੀਮੀ, ਸੱਤ ਸੁਰੱਖਿਆ ਕਰਮਚਾਰੀ ਜ਼ਖ਼ਮੀ

Sunday, Nov 07, 2021 - 06:20 PM (IST)

ਡਰੋਨ ਹਮਲੇ ’ਚ ਵਾਲ-ਵਾਲ ਬਚੇ ਇਰਾਕ ਦੇ PM ਕਦੀਮੀ, ਸੱਤ ਸੁਰੱਖਿਆ ਕਰਮਚਾਰੀ ਜ਼ਖ਼ਮੀ

ਬਗਦਾਦ (ਏ. ਪੀ.)-ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਦੇ ਕਤਲ ਦੇ ਇਰਾਦੇ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਐਤਵਾਰ ਤੜਕੇ ਹਥਿਆਰਬੰਦ ਡਰੋਨ ਨਾਲ ਹਮਲਾ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਮਲੇ ’ਚ ਪ੍ਰਧਾਨ ਮੰਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਤੇ ਉਹ ਸੁਰੱਖਿਅਤ ਹਨ। ਇਸ ਹਮਲੇ ਨੇ ਪਿਛਲੇ ਮਹੀਨੇ ਹੋਈਆਂ ਸੰਸਦੀ ਚੋਣ ਨਤੀਜਿਆਂ ਨੂੰ ਈਰਾਨ ਸਮਰਥਿਤ ਮਿਲੀਸ਼ੀਆ (ਲੜਾਕੇ) ਵੱਲੋਂ ਅਸਵੀਕਾਰ ਕੀਤੇ ਜਾਣ ਤੋਂ ਉਪਜੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਰਾਕ ਦੇ ਦੋ ਅਧਿਕਾਰੀਆਂ ਨੇ ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਬਗਦਾਦ ਦੇ ਬਹੁਤ ਸੁਰੱਖਿਅਤ ਮੰਨੇ ਜਾਣ ਵਾਲੇ ‘ਗ੍ਰੀਨ ਜ਼ੋਨ’ ਖੇਤਰ ’ਚ ਹੋਏ ਹਮਲੇ ’ਚ ਪ੍ਰਧਾਨ ਮੰਤਰੀ ਦੇ ਸੱਤ ਸੁਰੱਖਿਆ ਕਰਮਚਾਰੀ ਜ਼ਖ਼ਮੀ ਹੋ ਗਏ। ਹਮਲੇ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਅਲ-ਕਦੀਮੀ ਨੇ ਟਵੀਟ ਕੀਤਾ, ‘‘ਮੈਂ ਠੀਕ ਹਾਂ ਤੇ ਆਪਣੇ ਲੋਕਾਂ ਦੇ ਵਿਚਾਲੇ ਹਾਂ। ਉਪਰ ਵਾਲੇ ਦਾ ਸ਼ੁਕਰਗੁਜ਼ਾਰ ਹਾਂ।’’

ਇਹ ਵੀ ਪੜ੍ਹੋ : ਪੂਰਬੀ ਅਫ਼ਗਾਨਿਸਤਾਨ ’ਚ ਦੋ ਜ਼ਬਰਦਸਤ ਧਮਾਕੇ, 3 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਬਾਅਦ ’ਚ ਉਨ੍ਹਾਂ ਨੇ ਇਰਾਕੀ ਟੈਲੀਵਿਜ਼ਨ ਜ਼ਰੀਏ ਸੰਬੋਧਨ ਕੀਤਾ, ‘‘ਰਾਕੇਟ ਤੇ ਡਰੋਨ ਨਾਲ ਕੀਤੇ ਗਏ ਕਾਇਰਾਨਾ ਹਮਲੇ ਨਾਲ ਦੇਸ਼ ਨਹੀਂ ਬਣਦਾ ਤੇ ਇਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ।’’ ਇਕ ਬਿਆਨ ’ਚ ਸਰਕਾਰ ਨੇ ਕਿਹਾ ਕਿ ਡਰੋਨ ਨਾਲ ਅਲ-ਕਦੀਮੀ ਦੀ ਰਿਹਾਇਸ਼ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਗਦਾਦ ਦੇ ਨਿਵਾਸੀਆਂ ਨੇ ‘ਗ੍ਰੀਨ ਜ਼ੋਨ’ ਵੱਲੋਂ ਧਮਾਕੇ ਤੇ ਗੋਲੀਆਂ ਦੀ ਆਵਾਜ਼ ਸੁਣੀ, ਇਸ ਖੇਤਰ ’ਚ ਵਿਦੇਸ਼ੀ ਦੂਤਘਰ ਤੇ ਸਰਕਾਰੀ ਦਫਤਰ ਹਨ। ਸਰਕਾਰੀ ਮੀਡੀਆ ਵੱਲੋਂ ਬਿਆਨ ’ਚ ਕਿਹਾ ਗਿਆ ਹੈ ਕਿ ਕਤਲ ਦੇ ਯਤਨ ਦੇ ਤਹਿਤ ‘‘ਵਿਸਫੋਟਕਾਂ ਨਾਲ ਲੱਦੇ ਡਰੋਨ ਜ਼ਰੀਏ ਪ੍ਰਧਾਨ ਮੰਤਰੀ ਦੀ ਰਿਹਾਇਸ਼ ਨੂੰ ਨਿਸ਼ਾਨਾ ਬਣਾਇਆ ਗਿਆ।’’ ਬਿਆਨ ’ਚ ਕਿਹਾ ਗਿਆ ਕਿ ਸੁਰੱਖਿਆ ਬਲ ਇਸ ਅਸਫ਼ਲ ਯਤਨ ਦੇ ਸਬੰਧ ’ਚ ਜ਼ਰੂਰੀ ਕਦਮ ਉਠਾ ਰਹੇ ਹਨ।


author

Manoj

Content Editor

Related News