ਈਰਾਨ ਨੇ ਕੋਰੋਨਾ ਖਿਲਾਫ ਲੜਾਈ ਲਈ IMF ਤੋਂ ਮੰਗੀ 5 ਅਰਬ ਡਾਲਰ ਦੀ ਸਹਾਇਤਾ
Wednesday, Apr 08, 2020 - 06:18 PM (IST)
ਤਹਿਰਾਨ- ਈਰਾਨ ਦੇ ਰਾਸ਼ਟਰਪਤੀ ਹਸਨ ਰੋਹਾਨੀ ਨੇ ਕੋਰੋਨਾਵਾਇਰਸ ਨਾਲ ਨਿਪਟਣ ਲਈ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ ਪੰਜ ਅਰਬ ਡਾਲਰ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਨ ਦੀ ਮੰਗ ਕੀਤੀ ਹੈ। ਈਰਾਨ ਦੇ ਅਧਿਕਾਰੀਆਂ ਨੇ ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਵੀ ਆਈ.ਐਮ.ਐਫ. ਤੋਂ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਸੀ ਪਰ ਅਜੇ ਤੱਕ ਈਰਾਨ ਨੂੰ ਕਿਸੇ ਤਰ੍ਹਾਂ ਦੀ ਸਹਾਇਤਾ ਰਾਸ਼ੀ ਨਹੀਂ ਮਿਲ ਸਕੀ ਹੈ।
ਰੋਹਾਨੀ ਨੇ ਕਿਹਾ ਕਿ ਅਸੀਂ ਆਈ.ਐਮ.ਐਫ. ਤੇ ਵਿਸ਼ਵ ਬੈਂਕ ਦੇ ਮੈਂਬਰ ਹਾਂ। ਅਸੀਂ ਆਪਣਾ ਯੋਗਦਾਨ, ਆਪਣੀ ਸਹਾਇਤਾ ਰਾਸ਼ੀ ਤੇ ਆਪਣੇ ਕੋਲ ਮੌਜੂਦ ਸੰਸਾਧਨਾਂ ਨੂੰ ਦੇ ਰਹੇ ਹਾਂ। 50 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਅਸੀਂ ਕਦੇ ਵੀ ਆਈ.ਐਮ.ਐਫ. ਤੋਂ ਕੁਝ ਨਹੀਂ ਮੰਗਿਆ ਪਰ ਵਰਤਮਾਨ ਸਮੇਂ ਦੇ ਖਰਾਬ ਹਾਲਾਤ ਵਿਚ ਅਸੀਂ ਇਸ ਦੀ ਮੰਗ ਕਰ ਰਹੇ ਹਾਂ। ਜੇਕਰ ਇਸ ਵੇਲੇ ਵੀ ਆਪਣੀਆਂ ਜ਼ਿੰਮੇਦਾਰੀਆਂ ਨਹੀਂ ਨਿਭਾਈਆਂ ਜਾਂਦੀਆਂ ਤਾਂ ਦੁਨੀਆ ਵੱਖਰੇ ਤਰੀਕੇ ਨਾਲ ਵਿਵਹਾਰ ਕਰੇਗੀ। ਉਹਨਾਂ ਨੇ ਇਕ ਬੈਠਕ ਦੌਰਾਨ ਅਮਰੀਕਾ 'ਤੇ ਆਰਥਿਕ ਤੇ ਗਲੋਬਲ ਸਿਹਤ ਨੂੰ ਲੈ ਕੇ ਅੰਤਰਰਾਸ਼ਟਰੀ ਸਮਝੌਤੇ ਦਾ ਉਲੰਘਣ ਕਰਨ ਦਾ ਦੋਸ਼ ਲਾਇਆ। ਈਰਾਨ ਵਿਚ ਬੁੱਧਵਾਰ ਤੱਕ ਕੋਰੋਨਾਵਾਇਰਸ ਨਾਲ 62,500 ਲੋਕ ਇਨਫੈਕਟਡ ਹੋਏ ਹਨ ਤੇ 3800 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 27 ਹਜ਼ਾਰ ਲੋਕ ਠੀਕ ਹੋਏ ਹਨ।