ਈਰਾਨ: ਕੋਵਿਡ-19 ਕਾਰਨ 49 ਨਵੀਆਂ ਮੌਤਾਂ, ਕੁੱਲ ਗਿਣਤੀ ਹੋਈ 194

Sunday, Mar 08, 2020 - 05:15 PM (IST)

ਤਹਿਰਾਨ(ਏ.ਐਫ.ਪੀ.)- ਈਰਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਨਾਵਲ ਕੋਰੋਨਾਵਾਇਰਸ ਕਾਰਨ 49 ਨਵੀਆਂ ਮੌਤਾਂ ਦੀ ਜਾਣਕਾਰੀ ਦਿੱਤੀ ਹੈ। ਇਹ ਇਸਲਾਮਿਕ ਗਣਰਾਜ ਵਿਚ ਕੋਰੋਨਾਵਾਇਰਸ ਫੈਲਣ ਤੋਂ ਬਾਅਦ 24 ਘੰਟਿਆਂ ਵਿਚ ਹੋਈਆਂ ਸਭ ਤੋਂ ਵਧੇਰੇ ਮੌਤਾਂ ਹਨ। 

ਮੱਧ ਫਰਵਰੀ ਤੋਂ ਦੇਸ਼ ਵਿਚ ਸ਼ੁਰੂ ਹੋਏ ਇਸ ਜਾਨਲੇਵਾ ਵਾਇਰਸ ਦੇ ਕਹਿਰ ਕਾਰਨ ਹੁਣ ਤੱਕ 194 ਮੌਤਾਂ ਹੋ ਚੁੱਕੀਆਂ ਹਨ। ਚੀਨ ਤੋਂ ਬਾਹਰ ਇਸ ਵਾਇਰਸ ਕਾਰਨ ਸਭ ਤੋਂ ਵਧੇਰੇ ਮੌਤਾਂ ਵਾਲੇ ਦੇਸ਼ਾਂ ਵਿਚੋਂ ਇਕ ਈਰਾਨ ਵੀ ਹੈ। ਈਰਾਨ ਦੇ ਸਾਰੇ 31 ਸੂਬਿਆਂ ਤੱਕ ਇਹ ਵਾਇਰਸ ਫੈਲ ਚੁੱਕਿਆ ਹੈ। ਇਥੇ ਵਾਇਰਸ ਦੇ ਕੁੱਲ 6,566 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੇਸ਼ ਵਿਚ ਫੈਲੇ ਇਸ ਵਾਇਰਸ ਕਾਰਨ ਕਈ ਦੇਸ਼ਾਂ ਨੇ ਈਰਾਨ ਦੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਬਾਅਦ ਸਭ ਤੋਂ ਵਧੇਰੇ ਮੌਤਾਂ ਇਟਲੀ ਵਿਚ ਹੋਈਆਂ ਹਨ। ਇਟਲੀ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 233 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਵਾਇਰਸ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 5,883 ਦਰਜ ਕੀਤੀ ਗਈ ਹੈ। ਉਥੇ ਹੀ ਜਾਨਲੇਵਾ ਵਾਇਰਸ ਦੇ ਦੁਨੀਆਭਰ ਵਿਚ ਇਕ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 3500 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ।


Baljit Singh

Content Editor

Related News