ਸੁਲੇਮਾਨੀ ਦੀ ਮੌਤ ''ਤੇ ਬੋਲੇ ਟਰੰਪ, ਅਮਰੀਕੀ ਦੂਤਘਰਾਂ ''ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ ਈਰਾਨ
Saturday, Jan 11, 2020 - 03:11 PM (IST)

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਦਾ ਕਮਾਂਡਰ ਕਾਸਿਮ ਸੁਲੇਮਾਨੀ ਪੱਛਮੀ ਏਸ਼ੀਆ ਵਿਚ ਅਮਰੀਕਾ ਦੇ ਚਾਰ ਦੂਤਘਰਾਂ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਹੋਰ ਦੂਤਘਰਾਂ 'ਤੇ ਵੱਡੇ ਪੈਮਾਨੇ 'ਤੇ ਹਮਲੇ ਦੀ ਯੋਜਨਾ ਸੀ ਤਾਂ ਟਰੰਪ ਨੇ ਕਿਹਾ ਕਿ ਮੈਂ ਸਾਫ ਤੌਰ 'ਤੇ ਕਹਿ ਸਕਦਾ ਹਾਂ ਕਿ ਚਾਰ ਦੂਤਘਰਾਂ 'ਤੇ ਹਮਲੇ ਦੀ ਯੋਜਨਾ ਤਿਆਰ ਕੀਤੀ ਗਈ ਸੀ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਬਗਦਾਦ ਵਿਚ ਸਥਿਤ ਦੂਤਘਰ ਇਹਨਾਂ ਵਿਚੋਂ ਇਕ ਸੀ।
ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਪਤ ਰਿਪੋਰਟ ਮੁਤਾਬਕ ਸੁਲੇਮਾਨੀ ਪੱਛਮੀ ਏਸ਼ੀਆ ਵਿਚ ਅਮਰੀਕੀ ਦੂਤਘਰਾਂ ਤੇ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਇਸ ਲਈ ਅਮਰੀਕਾ ਨੇ ਉਸ ਦੇ ਖਿਲਾਫ ਇਹ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਿਛਲੇ ਹਫਤੇ ਇਰਾਕ ਦੇ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੋਲ ਰਾਕੇਟ ਹਮਲਾ ਕੀਤਾ, ਜਿਸ ਵਿਚ ਸੁਲੇਮਾਨੀ ਦੀ ਮੌਤ ਹੋ ਗਈ। ਸੁਲੇਮਾਨੀ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਹੋਰ ਵਧ ਗਿਆ ਤੇ ਈਰਾਨ ਨੇ ਵੀ ਬੀਤੇ ਬੁੱਧਵਾਰ ਇਰਾਕ ਸਥਿਤ ਅਮਰੀਕਾ ਦੇ ਦੋ ਏਅਰਬੇਸਾਂ 'ਤੇ ਮਿਜ਼ਾਇਲ ਨਾਲ ਹਮਲਾ ਕੀਤਾ। ਈਰਾਨ ਦੇ ਮਿਜ਼ਾਇਲ ਹਮਲੇ ਤੋਂ ਬਅਦ ਅਮਰੀਕਾ ਨੇ ਉਸ 'ਤੇ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ।