ਰੂਹਾਨੀ ਨੇ ਜ਼ਰੀਫ ਦੇ ਜੀ-7 ਜਾਣ ਦੇ ਫੈਸਲੇ ਦਾ ਇੰਝ ਕੀਤਾ ਬਚਾਅ
Monday, Aug 26, 2019 - 04:20 PM (IST)

ਤੇਹਰਾਨ (ਭਾਸ਼ਾ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜ਼ਰੀਫ ਦੇ ਜੀ-7 ਸਿਖਰ ਸੰਮੇਲਨ ਤੋਂ ਵੱਖ ਬੈਠਕਾਂ ਲਈ ਫਰਾਂਸ ਵਿਚ ਬਿਆਰਟਿਜ਼ ਜਾਣ ਦਾ ਬਚਾਅ ਕੀਤਾ। ਰੂਹਾਨੀ ਨੇ ਇਸ ਨੂੰ ਰਾਸ਼ਟਰ ਹਿੱਤ ਵਿਚ ਦੱਸਿਆ। ਭਾਵੇਂਕਿ ਮੀਡੀਆ ਦੇ ਇਕ ਹਿੱਸੇ ਨੇ ਜ਼ਰੀਫ ਦੀ ਇਸ ਯਾਤਰਾ ਨੂੰ ਲੈ ਕੇ ਉਨ੍ਹਾਂ 'ਤੇ ਨਸ਼ਾਨਾ ਵਿੰਨ੍ਹਿਆ। ਰੂਹਾਨੀ ਨੇ ਸਰਕਾਰੀ ਟੀਵੀ 'ਤੇ ਸਿੱਧੇ ਪ੍ਰਸਾਰਿਤ ਆਪਣੇ ਸੰਬੋਧਨ ਵਿਚ ਕਿਹਾ,''ਮੇਰਾ ਮੰਨਣਾ ਹੈ ਕਿ ਦੇਸ਼ ਦੇ ਹਿੱਤ ਲਈ ਸਾਨੂੰ ਹਰ ਸਰੋਤ ਦੀ ਵਰਤੋਂ ਕਰਨੀ ਚਾਹੀਦੀ ਹੈ।'' ਉਨ੍ਹਾਂ ਨੇ ਕਿਹਾ,''ਜੇਕਰ ਮੈਨੂੰ ਪਤਾ ਹੋਵੇ ਕਿ ਕਿਸੇ ਨਾਲ ਮੁਲਾਕਾਤ ਕਰਨ ਨਾਲ ਮੇਰੇ ਦੇਸ਼ ਦੀ ਖੁਸ਼ਹਾਲੀ ਹੋਵੇਗੀ ਅਤੇ ਲੋਕਾਂ ਦੀਆਂ ਪਰੇਸ਼ਾਨੀਆਂ ਹੱਲ ਹੋਣਗੀਆਂ ਤਾਂ ਮੈਂ ਇਸ ਵਿਚ ਝਿਜਕ ਮਹਿਸੂਸ ਨਹੀਂ ਕਰਾਂਗਾ।'' ਉਨ੍ਹਾਂ ਨੇ ਕਿਹਾ,''ਸਭ ਤੋਂ ਵੱਧ ਮਹੱਤਵਪੂਰਣ ਰਾਸ਼ਟਰ ਹਿੱਤ ਹਨ।''
ਰੂਹਾਨੀ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਜ਼ਰੀਫ ਦੀ ਫਰਾਂਸ ਯਾਤਰਾ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਜ਼ਰੀਫ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸੱਦਾ ਦਿੱਤਾ ਸੀ ਜੋ ਈਰਾਨ ਅਤੇ ਅਮਰੀਕਾ ਵਿਚ ਤਣਾਅ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਵੱਲੋਂ ਪਿਛਲੇ ਸਾਲ ਲਗਾਈਆਂ ਗਈਆਂ ਪਾਬੰਦੀਆਂ ਨਾਲ ਈਰਾਨ ਦੀ ਅਰਥਵਿਵਸਥਾ 'ਤੇ ਉਲਟ ਅਸਰ ਪਿਆ ਹੈ। ਉਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਅਤੇ ਵਿਸ਼ਵ ਸ਼ਕਤੀਆਂ ਵਿਚ 2015 ਵਿਚ ਹੋਏ ਪਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਲਿਆ ਸੀ। ਰੂੜ੍ਹੀਵਾਦੀ ਅਖਬਾਰ 'ਕਾਹਯਾਨ' ਨੇ ਸੋਮਵਾਰ ਨੂੰ ਇਕ ਲੇਖ ਵਿਚ ਜ਼ਰੀਫ ਦੀ ਯਾਤਰਾ ਦੀ ਤਿੱਖੀ ਆਲੋਚਨਾ ਕੀਤੀ ਅਤੇ ਇਸ ਨੂੰ ਗਲਤ ਦੱਸਿਆ। ਅਖਬਾਰ ਨੇ ਕਿਹਾ ਕਿ ਮੰਤਰੀ ਦੀ ਇਹ ਦੂਜੀ ਫਰਾਂਸ ਯਾਤਰਾ ਸੀ ਅਤੇ ਇਸ ਨਾਲ ਕਮਜ਼ੋਰੀ ਅਤੇ ਨਿਰਾਸ਼ਾ ਦਾ ਸੰਦੇਸ਼ ਜਾਂਦਾ ਹੈ।
ਭਾਵੇਂਕਿ ਸੁਧਾਰਵਾਦੀ ਅਖਬਾਰ 'ਏਤੇਮਾਦ' ਨੇ ਇਸ ਯਾਤਰਾ ਦਾ ਸਮਰਥਨ ਕੀਤਾ ਅਤੇ ਅਮਰੀਕਾ ਦੇ ਪਰਮਾਣੂ ਸੌਦੇ ਤੋਂ ਹੱਟਣ ਦੇ ਬਾਅਦ 15 ਮਹੀਨਿਆਂ ਵਿਚ ਈਰਾਨ ਲਈ ਇਸ ਨੂੰ ਸਭ ਤੋਂ ਵੱਧ ਉਮੀਦ ਦਾ ਪਲ ਦੱਸਿਆ। ਰੂਹਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੱਤਾ ਅਤੇ ਕੂਟਨੀਤੀ ਦੇ ਦੋਹਾਂ ਤਰੀਕਿਆਂ ਦੀ ਵਰਤੋਂ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਕਿਹਾ,''ਉਹ ਸਾਡੇ ਜਹਾਜ਼ ਨੂੰ ਕਿਤੇ ਵੀ ਜ਼ਬਤ ਕਰ ਸਕਦੇ ਹਨ। ਅਸੀਂ ਦੋਵੇਂ ਗੱਲਬਾਤ ਕਰਾਂਗੇ। ਅਸੀਂ ਕਾਨੂੰਨੀ ਕਾਰਨਾਂ ਨਾਲ ਉਨ੍ਹਾਂ ਦੇ ਜਹਾਜ਼ਾਂ ਨੂੰ ਜ਼ਬਤ ਕਰ ਸਕਦੇ ਹਾਂ।'' ਰੂਹਾਨੀ ਮੁਤਾਬਕ,''ਸਾਨੂੰ ਆਪਣੀ ਸ਼ਕਤੀ, ਆਪਣੀ ਮਿਲਟਰੀ ਅਤੇ ਸੁਰੱਖਿਆ ਸ਼ਕਤੀ, ਆਰਥਿਕ ਅਤੇ ਸੱਭਿਆਚਾਰਕ ਸ਼ਕਤੀ ਅਤੇ ਰਾਜਨੀਤਕ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਹੱਲ ਲੱਭਣਾ ਚਾਹੀਦਾ ਹੈ। ਸਾਨੂੰ ਸਮੱਸਿਆਵਾਂ ਨੂੰ ਘੱਟ ਕਰਨਾ ਚਾਹੀਦਾ ਹੈ।''