ਈਰਾਨ ਨੇ ਦੂਜੇ ਪ੍ਰਦਰਸ਼ਨਕਾਰੀ ਨੂੰ ਦਿੱਤੀ ਫਾਂਸੀ, ਹੋਰਾਂ ਨੂੰ ਚੇਤਾਵਨੀ ਦੇਣ ਲਈ ਸ਼ਰੇਆਮ ਕ੍ਰੇਨ ਨਾਲ ਲਟਕਾਇਆ
Tuesday, Dec 13, 2022 - 11:24 AM (IST)
ਦੁਬਈ (ਭਾਸ਼ਾ)- ਈਰਾਨ ਨੇ ਵਿਰੋਧ ਪ੍ਰਦਰਸ਼ਨਾਂ ’ਚ ਅਪਰਾਧਾਂ ਲਈ ਹਿਰਾਸਤ ’ਚ ਲਏ ਗਏ ਇਕ ਹੋਰ ਕੈਦੀ ਮਜੀਦ ਰਜ਼ਾ ਰਹਨਵਾਰਦ ਨੂੰ ਸੋਮਵਾਰ ਨੂੰ ਫਾਂਸੀ ਦੇ ਦਿੱਤੀ। ਦੂਜੇ ਪ੍ਰਦਰਸ਼ਨਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕੈਦੀ ਨੂੰ ਸ਼ਰੇਆਮ ਕ੍ਰੇਨ ਨਾਲ ਲਟਕਾ ਦਿੱਤਾ ਗਿਆ। ਈਰਾਨ ਸਰਕਾਰ ਵੱਲੋਂ ਦੇਸ਼ ’ਚ ਵਿਆਪਕ ਪੱਧਰ ’ਤੇ ਜਾਰੀ ਪ੍ਰਦਰਸ਼ਨਾਂ ਦੌਰਾਨ ਹਿਰਾਸਤ ’ਚ ਲਏ ਗਏ ਕਿਸੇ ਕੈਦੀ ਨੂੰ ਫਾਂਸੀ ਦੇਣ ਦਾ ਇਹ ਦੂਜਾ ਮਾਮਲਾ ਹੈ।
ਈਰਾਨ ਦੀ ਨਿਊਜ਼ ਏਜੰਸੀ ਮਿਜ਼ਾਨ ਵੱਲੋਂ ਜਾਰੀ ਤਸਵੀਰਾਂ ’ਚ ਮਜੀਦ ਰਜ਼ਾ ਰਹਨਵਾਰਦ ਨੂੰ ਕ੍ਰੇਨ ਨਾਲ ਲਟਕਦਾ ਵਿਖਾਇਆ ਗਿਆ ਹੈ, ਉਸ ਦੇ ਹੱਥ ਅਤੇ ਪੈਰ ਬੰਨ੍ਹੇ ਹੋਏ ਹਨ ਅਤੇ ਉਸ ਦੇ ਸਿਰ ’ਤੇ ਕਾਲਾ ਕੱਪੜਾ ਹੈ। ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਵੀਡੀਓ ’ਚ ਇਕ ਵਿਅਕਤੀ ਇਕ ਹੋਰ ਵਿਅਕਤੀ ਦਾ ਪਿੱਛਾ ਕਰਦਾ ਹੈ, ਫਿਰ ਉਸ ਦੇ ਹੇਠਾਂ ਡਿੱਗ ਜਾਣ ’ਤੇ ਉਸ ਨੂੰ ਚਾਕੂ ਮਾਰਦਾ ਵਿਖਾਈ ਦੇ ਰਿਹਾ ਹੈ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜਦਾ ਵੀ ਨਜ਼ਰ ਆਇਆ। ਮ੍ਰਿਤਕ ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਦਾ ਅਰਧ ਸੈਨਿਕ ਵਾਲੰਟੀਅਰ ਵਿਦਿਆਰਥੀ ਬਾਸੀਜ ਸੀ। ਬਾਸੀਜ ਨੂੰ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈਣ ਲਈ ਤਾਇਨਾਤ ਕੀਤਾ ਗਿਆ ਸੀ।
ਮਜੀਦ ਰਜ਼ਾ ਰਹਨਵਾਰਦ ਨੇ ਹਮਲੇ ਨੂੰ ਅੰਜਾਮ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ। ਖਬਰਾਂ ’ਚ ਦਾਅਵਾ ਕੀਤਾ ਗਿਆ ਕਿ ਜਦੋਂ ਰਹਨਵਾਰਦ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਉਹ ਵਿਦੇਸ਼ ਭੱਜਣ ਦੀ ਤਿਆਰੀ ’ਚ ਸੀ। ਕਾਰਕੁੰਨਾਂ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ਲਈ ਹੁਣ ਤੱਕ 12 ਲੋਕਾਂ ਨੂੰ ਬੰਦ ਕਮਰੇ ਦੀ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਵਿਰੋਧ ਪ੍ਰਦਰਸ਼ਨਾਂ ’ਤੇ ਨਜ਼ਰ ਰੱਖ ਰਹੇ ਈਰਾਨ ਦੇ ਮਨੁੱਖੀ ਅਧਿਕਾਰ ਕਾਰਕੁੰਨਾਂ ਅਨੁਸਾਰ ਸਤੰਬਰ ਦੇ ਅੱਧ ’ਚ ਪ੍ਰਦਰਸ਼ਨ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ 488 ਲੋਕ ਮਾਰੇ ਗਏ ਹਨ ਅਤੇ 18,200 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ।