ਈਰਾਨ ''ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)

Wednesday, Mar 04, 2020 - 06:03 PM (IST)

ਈਰਾਨ ''ਚ ਕੋਰੋਨਾਵਾਇਰਸ ਦਾ ਡਰ, ਮਸਜਿਦ ਦੀਆਂ ਕੰਧਾਂ ਨੂੰ ਚੱਟ ਰਹੇ ਲੋਕ (ਵੀਡੀਓ)

ਤੇਹਰਾਨ (ਬਿਊਰੋ): ਚੀਨ ਤੋਂ ਨਿਕਲੇ ਕੋਰੋਨਾਵਾਇਰਸ ਦਾ ਦੁਨੀਆ ਦੇ ਕਰੀਬ 70 ਦੇਸ਼ਾਂ ਵਿਚ ਪ੍ਰਕੋਪ ਜਾਰੀ ਹੈ। ਇਹਨਾਂ ਦੇਸ਼ਾਂ ਵਿਚ ਈਰਾਨ ਵੀ ਸ਼ਾਮਲ ਹੈ। ਈਰਾਨ ਵਿਚ ਕੋਰੋਨਾਵਾਇਰਸ ਦੇ ਕਾਰਨ ਇਕ ਅਜੀਬ ਤਰ੍ਹਾਂ ਦੀ ਦਹਿਸ਼ਤ ਹੈ। ਇਸ ਦੇਸ਼ ਤੋਂ ਆਈ ਇਕ ਵੀਡੀਓ ਕਲਿਪ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਪਿਛਲੇ ਦਿਨੀਂ ਆਈ ਇਸ ਕਲਿਪ ਵਿਚ ਦੇਖਿਆ ਜਾ ਸਕਦਾ ਹੈ ਕਿ ਕੁਝ ਸ਼ੀਆ ਚੇਲੇ ਈਰਾਨ ਦੇ ਪਵਿੱਤਰ ਸ਼ਹਿਰ ਕੂਮ ਵਿਚ ਇਕ ਧਾਰਮਿਕ ਸਥਲ ਨੂੰ ਚੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਕਲਿਪ ਨੂੰ ਦੇਖਣ ਦੇ ਬਾਅਦ ਲੋਕ ਪਰੇਸ਼ਾਨ ਹੋ ਗਏ ਹਨ ਅਤੇ ਕਈ ਲੋਕਾਂ ਨੇ ਇਸ 'ਤੇ ਚਿੰਤਾ ਜ਼ਾਹਰ ਕੀਤੀ ਹੈ।

ਜਿਹੜਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਉਸ ਵਿਚ ਨਜ਼ਰ ਆ ਰਿਹਾ ਹੈ ਕਿ ਇਕ ਵਿਅਕਤੀ ਪਵਿੱਤਰ ਮਸਜਿਦ ਦੇ ਦਰਵਾਜਿਆਂ ਅਤੇ ਉਸ ਦੀ ਜ਼ਮੀਨ ਨੂੰ ਚੱਟ ਰਿਹਾ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਵਿਅਕਤੀ ਕਹਿ ਰਿਹਾ ਹੈ,''ਉਹ ਸਾਰੇ ਕੋਰੋਨਾ ਵਾਇਰਸ ਨੂੰ ਲੈ ਲਵੇਗਾ।'' ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਇਕ ਸ਼ਰਧਾਲੂ ਫਾਤਿਮਾ ਮਾਸੁਮੇਹ ਧਾਰਮਿਕ ਸਥਲ ਵਿਚ ਘੁੰਮ ਰਿਹਾ ਹੈ ਅਤੇ ਉਹਨਾਂ ਲੋਕਾਂ 'ਤੇ ਹਮਲੇ ਕਰ ਰਿਹਾ ਹੈ ਜਿਹਨਾਂ ਨੇ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਉਹ ਧਾਰਮਿਕ ਸਥਲ ਦੇ ਮੁੱਖ ਦਰਵਾਜੇ 'ਤੇ ਸਥਿਤ ਕੰਧਾਂ ਨੂੰ ਚੁੰਮ ਰਿਹਾ ਹੈ ਅਤੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਉਹ ਦੂਜਿਆਂ ਨੂੰ ਕੋਰੋਨਾਵਾਇਰਸ ਤੋਂ ਡਰਾਉਣਾ ਬੰਦ ਕਰਨ। ਸ਼ਰਧਾਲੂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ,''ਲੋਕਾਂ ਦੇ ਵਿਸ਼ਵਾਸ ਦੇ ਨਾਲ ਖੇਡਣਾ ਬੰਦ ਕਰੋ, ਸ਼ੀਆ ਧਾਰਮਿਕ ਸਥਲ ਵਿਚ ਕੋਰੋਨਾਵਾਇਰਸ ਕੁਝ ਨਹੀਂ ਹੈ।''

 

ਗ੍ਰਿਫਤਾਰ ਹੋਇਆ ਸ਼ਰਧਾਲੂ
ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜੋ ਮਸ਼ਾਦ ਸ਼ਹਿਰ ਦਾ ਹੈ। ਇੱਥੇ ਇਕ ਸ਼ਰਧਾਲੂ ਨੂੰ ਇਮਾਮ ਰਜ਼ਾ ਧਾਰਮਿਕ ਸਥਲ ਨੂੰ ਚੱਟਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਵਿਅਕਤੀ ਇਸ ਵੀਡੀਓ ਵਿਚ ਕਹਿ ਰਿਹਾ ਹੈ,''ਮੈਂ ਇਮਾਮ ਰਜ਼ਾ ਧਾਰਮਿਕ ਸਥਲ ਨੂੰ ਚੱਟਣ ਲਈ ਵਾਪਸ ਆਇਆ ਹਾਂ ਤਾਂ ਜੋ ਇਸ ਬੀਮਾਰੀ ਦੇ ਸੰਪਰਕ ਵਿਚ ਆ ਸਕਾਂ ਅਤੇ ਲੋਕ ਮਾਨਸਿਕ ਸ਼ਾਂਤੀ ਦੇ ਨਾਲ ਇਸ ਧਾਰਮਿਕ ਸਥਲ ਵਿਚ ਆ ਸਕਣ।'' ਈਰਾਨ ਦੀ ਫਾਰਸ ਨਿਊਜ਼ ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਿਅਕਤੀ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਹ ਵੀਡੀਓਜ਼ ਅਜਿਹੇ ਸਮੇਂ ਵਿਚ ਆਏ ਹਨ ਜਦੋਂ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮਨੇਈ ਨੇ ਕੂਮ ਵਿਚ ਇਕ ਸੰਦੇਸ਼ ਦਿੱਤਾ ਸੀ। ਮੌਲਵੀ ਮੁਹੰਮਦ ਸਈਦੀ ਦੇ ਨਾਲ ਉਹਨਾਂ ਨੇ ਕਿਹਾ ਸੀ,''ਅਸੀਂ ਇਸ ਪਵਿੱਤਰ ਸਥਲ ਨੂੰ ਠੀਕ ਹੋਣ ਦੀ ਜਗ੍ਹਾ ਦੇ ਤੌਰ 'ਤੇ ਮੰਨਦੇ ਹਾਂ। ਇਸ ਦਾ ਮਤਲਬ ਹੈ ਕਿ ਲੋਕ ਇੱਥੇ ਆਉਣ ਅਤੇ ਕਿਸੇ ਵੀ ਤਰ੍ਹਾਂ ਦੀ ਰੂਹਾਨੀ ਅਤੇ ਸਰੀਰਕ ਬੀਮਾਰੀ ਤੋਂ ਠੀਕ ਹੋ ਸਕਣ।''

ਇੱਥੇ ਦੱਸ ਦਈਏ ਕਿ ਸ਼ਹਿਰ ਕੂਮ ਕਈ ਸ਼ੀਆ ਧਾਰਮਿਕ ਸਥਲਾਂ ਦੀ ਜਗ੍ਹਾ ਹੈ ਅਤੇ ਇਸ ਸ਼ਹਿਰ ਨੂੰ ਕਈ ਇਤਿਹਾਸਿਕ ਹਸਤੀਆਂ ਲਈ ਵੀ ਜਾਣਿਆ ਜਾਂਦਾ ਹੈ। ਇਸ ਧਾਰਮਿਕ ਸ਼ਹਿਰ ਵਿਚ ਹਰੇਕ ਸਾਲ ਈਰਾਨ ਅਤੇ ਦੁਨੀਆ ਭਰ ਤੋਂ ਕਈ ਸ਼ੀਆ ਮੁਸਲਮਾਨ ਪਹੁੰਚਦੇ ਹਨ। ਇਸੇ ਸ਼ਹਿਰ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਕਹਿਰ ਹੈ। ਈਰਾਨ ਦੀ ਸਰਕਾਰ ਨੇ ਕੋਰੋਨਾਵਾਇਰਸ ਦੀ ਦਹਿਸ਼ਤ ਦੇ ਬਾਅਦ ਵੀ ਧਾਰਮਿਕ ਸਥਲਾਂ ਨੂੰ ਬੰਦ ਕਰਨ ਤੋਂ ਸ਼ਾਫ ਇਨਕਾਰ ਕਰ ਦਿੱਤਾ ਹੈ। ਕਈ ਲੋਕਾਂ ਨੇ ਅਪੀਲ ਕੀਤੀ ਹੈ ਕਿ ਜਦੋਂ ਤੱਕ ਵਾਇਰਸ ਖਤਮ ਨਹੀਂ ਹੋ ਜਾਂਦਾ ਉਦੋਂ ਤੱਕ ਧਾਰਮਿਕ ਸਥਲਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ - ਕੋਰੋਨਾ ਦਾ ਡਰ, ਮੰਤਰੀ ਨੇ ਐਂਜਲਾ ਨਾਲ ਹੱਥ ਮਿਲਾਉਣ ਤੋਂ ਕੀਤਾ ਇਨਕਾਰ

ਈਰਾਨ ਦੇ ਸਿਹਤ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਈਰਾਨ ਵਿਚ ਵਾਇਰਸ ਕਾਰਨ ਇਨਫੈਕਟਿਡ ਲੋਕਾਂ ਦੀ ਗਿਣਤੀ 2,330 ਪਹੁੰਚ ਚੁੱਕੀ ਹੈ ਜਦਕਿ ਹੁਣ ਤੱਕ 77 ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਵੇਂਕਿ ਕੁਝ ਲੋਕਾਂ ਨੇ ਈਰਾਨ 'ਤੇ ਦੋਸ਼ ਲਗਾਇਆ ਹੈ ਕਿ ਉਸਨੇ ਹਾਲੇ ਤੱਕ ਇਨਫੈਕਟਿਡ ਅਤੇ ਸ਼ੱਕੀ ਲੋਕਾ ਦੀ ਸਹੀ ਗਿਣਤੀ ਦੀ ਜਾਣਕਾਰੀ ਨਹੀਂ ਦਿੱਤੀ ਹੈ। ਲੋਕਾਂ ਦੀ ਮੰਨੀਏ ਤਾਂ ਈਰਾਨ ਵਿਚ 10,000 ਤੋਂ ਵੱਧ ਲੋਕ ਇਨਫੈਕਟਿਡ ਹਨ ਅਤੇ ਘੱਟੋ-ਘੱਟ 210 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News