ਇਰਾਨ ਦੇ ਚੋਟੀ ਦੇ ਨੇਤਾ ਨੇ ਹਿਜਾਬ ਵਿਰੁੱਧ ਪ੍ਰਦਰਸ਼ਨਾਂ ''ਤੇ ਤੋੜੀ ਚੁੱਪੀ, ਅਮਰੀਕਾ ਤੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ
Tuesday, Oct 04, 2022 - 03:22 PM (IST)
ਤਹਿਰਾਨ (ਭਾਸ਼ਾ)- ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ ਹਿਜਾਬ ਖ਼ਿਲਾਫ਼ ਈਰਾਨ ’ਚ ਹੋ ਰਹੇ ਹੁਣ ਤੱਕ ਦੇ ਸਭ ਤੋਂ ਵੱਡੇ ਵਿਰੋਧ-ਪ੍ਰਦਰਸ਼ਨਾਂ ’ਤੇ ਸੋਮਵਾਰ ਨੂੰ ਜਨਤਕ ਰੂਪ ’ਚ ਆਪਣੀ ਚੁੱਪ ਤੋੜੀ। ਉਨ੍ਹਾਂ ਨੇ ਇਸ ਨੂੰ ‘ਦੰਗਾ’ ਕਰਾਰ ਦਿੰਦਿਆਂ ਅਮਰੀਕਾ ਅਤੇ ਇਜ਼ਰਾਈਲ ’ਤੇ ਵਿਰੋਧ-ਪ੍ਰਦਰਸ਼ਨਾਂ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ।
ਖਾਮਨੇਈ ਨੇ ਕਿਹਾ ਕਿ ਈਰਾਨ ਦੀ ਨੈਤਿਕਤਾ ਪੁਲਸ ਦੀ ਹਿਰਾਸਤ ਵਿਚ 22 ਸਾਲਾ ਮਹਸਾ ਅਮੀਨੀ ਦੀ ਮੌਤ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਸੀ, ਜਿਸ ਤੋਂ ਬਾਅਦ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸੀ। ਹਾਲਾਂਕਿ, ਉਨ੍ਹਾਂ ਨੇ ਈਰਾਨ ਨੂੰ ਅਸਥਿਰ ਕਰਨ ਲਈ ਵਿਰੋਧ ਪ੍ਰਦਰਸ਼ਨਾਂ ਨੂੰ ‘ਵਿਦੇਸ਼ੀ ਸਾਜ਼ਿਸ਼’ ਕਰਾਰ ਦਿੰਦਿਆਂ ਇਸ ਦੀ ਸਖ਼ਤ ਨਿੰਦਾ ਕੀਤੀ।
ਖਾਮਨੇਈ ਨੇ ਤਹਿਰਾਨ ’ਚ ਪੁਲਸ ਟ੍ਰੇਨੀਆਂ ਦੇ ਇਕ ਕਾਡਰ ਨੂੰ ਕਿਹਾ ਕਿ ਇਹ ਯੋਜਨਾਬੱਧ ਦੰਗੇ ਸਨ। ਮੈਂ ਸਪੱਸ਼ਟ ਤੌਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਦੰਗਿਆਂ ਪਿੱਛੇ ਅਮਰੀਕਾ ਅਤੇ ਯਹੂਦੀ ਹਕੂਮਤ ਦਾ ਹੱਥ ਸੀ। ਉਨ੍ਹਾਂ ਨੇ ਸਰਕਾਰ ਵੱਲੋਂ ਲਾਜ਼ਮੀ ਕੀਤੇ ਗਏ ਹਿਜਾਬ ਨੂੰ ਪਾੜਨ ਅਤੇ ਮਸਜਿਦਾਂ, ਬੈਂਕਾਂ ਅਤੇ ਪੁਲਸ ਦੀਆਂ ਕਾਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਅਸਾਧਾਰਨ ਅਤੇ ਗੈਰ-ਕੁਦਰਤੀ ਦੱਸਿਆ। ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹਸਾ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਤੀਜੇ ਹਫ਼ਤੇ ’ਚ ਦਾਖ਼ਲ ਹੋ ਗਏ ਹਨ।