ਰਾਸ਼ਟਰਪਤੀ ਅਹੁਦੇ ਦੀ ਚੋਣ ''ਚ ਸੁਧਾਰਵਾਦੀ ਮਸੂਦ ਪੇਜ਼ੇਸ਼ਕੀਅਨ ਦੀ ਜਿੱਤ, ਕੱਟੜਪੰਥੀ ਜਲੀਲੀ ਨੂੰ ਹਰਾਇਆ
Saturday, Jul 06, 2024 - 10:32 AM (IST)

ਦੁਬਈ (ਏਜੰਸੀ)- ਈਰਾਨ 'ਚ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਪਿਛਲੇ ਹਫ਼ਤੇ ਹੋਈ ਵੋਟਿੰਗ 'ਚ ਸਿਖਰਲੇ ਸਥਾਨ 'ਤੇ ਰਹੇ 2 ਉਮੀਦਵਾਰਾਂ ਦੇ ਸਿੱਧੇ ਮੁਕਾਬਲੇ 'ਚ ਸੁਧਾਰਵਾਦੀ ਨੇਤਾ ਮਸੂਦ ਪੇਜ਼ੇਸ਼ਕੀਅਨ ਨੇ ਕੱਟੜਪੰਥੀ ਸਾਈਦ ਜਲੀਲੀ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਪਿਛਲੇ ਮਹੀਨੇ ਈਰਾਨ 'ਚ ਇਕ ਹੈਲੀਕਾਪਟਰ ਹਾਦਸੇ 'ਚ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਮੌਤ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪੇਜ਼ੇਸ਼ਕੀਅਨ ਅਤੇ ਜਲੀਲੀ ਵਿਚਕਾਰ ਸਿੱਧੇ ਮੁਕਾਬਲੇ ਦੇ ਅਧੀਨ ਵੋਟਿੰਗ ਹੋਈ ਸੀ। ਪੇਜ਼ੇਸ਼ਕੀਅਨ ਨੂੰ ਇਕ ਕਰੋੜ 63 ਲੱਖ ਵੋਟਾਂ ਨਾਲ ਜੇਤੂ ਐਲਾਨਿਆ ਗਿਆ, ਜਦੋਂ ਕਿ ਜਲੀਲੀ ਨੂੰ 1 ਕਰੋੜ 35 ਲੱਖ ਵੋਟ ਮਿਲੇ। ਇਸ ਤੋਂ ਪਹਿਲਾਂ 28 ਜੂਨ ਨੂੰ ਹੋਈ ਵੋਟਿੰਗ ਦੇ ਸ਼ੁਰੂਆਤੀ ਦੌਰ 'ਚ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲੀਆਂ ਸਨ, ਜਿਸ ਕਾਰਨ ਚੋਟੀ ਦੇ ਦੋ ਉਮੀਦਵਾਰਾਂ ਵਿਚਾਲੇ ਸਿੱਧਾ ਮੁਕਾਬਲਾ ਹੋਇਆ।
ਪੇਜ਼ੇਸ਼ਕੀਅਨ ਦੀ ਬੜ੍ਹਤ ਮਜ਼ਬੂਤ ਹੋਣ ਦੇ ਨਾਲ ਹੀ ਉਨ੍ਹਾਂ ਦੇ ਸਮਰਥਕਾਂ ਨੇ ਤਹਿਰਾਨ ਅਤੇ ਹੋਰ ਸ਼ਹਿਰਾਂ 'ਚ ਸੜਕਾਂ 'ਤੇ ਉਤਰ ਕੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਇਹ ਚੋਣਾਂ ਅਜਿਹੇ ਸਮੇਂ 'ਚ ਹੋਏ ਹਨ, ਜਦੋਂ ਇਜ਼ਰਾਈਲ-ਹਮਾਸ ਵਿਚਾਲੇ ਜਾਰੀ ਯੁੱਧ ਨੂੰ ਲੈ ਕੇ ਪੱਛਮੀ ਏਸ਼ੀਆ 'ਚ ਵਿਆਪਕ ਪੱਧਰ 'ਤੇ ਤਣਾਅ ਹੈ ਅਤੇ ਈਰਾਨ ਪਿਛਲੇ ਕਈ ਸਾਲਾਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮਸੂਦ ਪੇਜ਼ੇਸ਼ਕੀਅਨ ਦਾ ਝੁਕਾਅ ਸਾਬਕਾ ਰਾਸ਼ਟਰਪਤੀ ਹਸਨ ਰੂਹਾਨੀ ਵੱਲ ਹੈ, ਜਿਨ੍ਹਾਂ ਦੇ ਸ਼ਾਸਨ ਦੇ ਅਧੀਨ ਤਹਿਰਾਨ ਨੇ ਵਿਸ਼ਵ ਸ਼ਕਤੀਆਂ ਨਾਲ 2015 ਦਾ ਇਤਿਹਾਸਕ ਪਰਮਾਣੂ ਸਮਝੌਤਾ ਕੀਤਾ ਸੀ। ਹਾਲਾਂਕਿ ਇਹ ਪਰਮਾਣੂ ਸਮਝੌਤਾ ਰੱਦ ਹੋ ਗਿਆ ਸੀ ਅਤੇ ਕੱਟੜਪੰਥੀ ਨੇਤਾ ਮੁੜ ਸੱਤਾ 'ਤੇ ਕਾਬਜ਼ ਹੋ ਗਏ ਸਨ। ਦਿਲ ਦੇ ਰੋਗ ਮਾਹਿਰ ਮਸੂਦ (69) ਫਿਰ ਤੋਂ ਪਰਮਾਣੂ ਸਮਝੌਤਾ ਕਰਨ ਅਤੇ ਪੱਛਮੀ ਦੇਸ਼ਾਂ ਨਾਲ ਸੰਬੰਧ ਬਿਹਤਰ ਕਰਨ ਦੇ ਪੱਖ 'ਚ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e