ਈਰਾਨ ਦੇ ਕੱਟੜਪੰਥੀ ਸਾਂਸਦਾਂ ਦੇ ਨਿਸ਼ਾਨੇ ''ਤੇ ਰੂਹਾਨੀ, ਪੁੱਛਗਿੱਛ ਲਈ ਕੀਤਾ ਤਲਬ

07/06/2020 6:24:05 PM

ਤੇਹਰਾਨ (ਬਿਊਰੋ): ਸਰਕਾਰ ਦੀਆ ਆਰਥਿਕ ਨੀਤੀਆਂ 'ਤੇ ਵੱਧਦੀ ਨਾਰਾਜ਼ਗੀ ਦੇ ਵਿਚ ਈਰਾਨ ਦੇ ਕੱਟੜਪੰਥੀ ਸਾਂਸਦਾਂ ਨੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਯੋਜਨਾ ਬਣਾਈ ਹੈ। ਵਿਸ਼ਲੇਸ਼ਕਾਂ ਦੇ ਮੁਤਾਬਕ ਇਹ ਕਦਮ ਅੱਗੇ ਚੱਲ ਕੇ ਉਹਨਾਂ ਵਿਰੁੱਧ ਮਹਾਦੋਸ਼ ਦਾ ਰੂਪ ਲੈ ਸਕਦਾ ਹੈ। ਇੱਥੇ ਦੱਸ ਦਈਏ ਕਿ 2018 ਵਿਚ ਅਮਰੀਕੀ ਪਾਬੰਦੀਆਂ ਦੇ ਮੁੜ ਲਾਗੂ ਹੋਣ ਦੇ ਬਾਅਦ ਤੋਂ ਈਰਾਨੀ ਲੋਕਾਂ ਦਾ ਰੋਜ਼ਾਨਾ ਜੀਵਨ ਕਾਫੀ ਮੁਸ਼ਕਲ ਹੋ ਗਿਆ ਹੈ। ਇੰਨਾ ਹੀ ਨਹੀਂ ਵੱਧਦੀ ਮਹਿੰਗਾਈ, ਵੱਧਦੀ ਬੇਰੋਜ਼ਗਾਰੀ ਅਤੇ ਮੰਦੀ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ ਹੈ। 

ਈਰਾਨ ਦੀ ਅਰਧ ਸਰਕਾਰੀ ਸਮਾਚਾਰ ਏਜੰਸੀ ਤਸਨੀਮ ਦੇ ਮੁਤਾਬਕ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਪੁੱਛਗਿੱਛ ਦੇ ਲਈ ਬੁਲਾਉਣ ਵਾਲੇ ਪ੍ਰਸਤਾਵ 'ਤੇ 290 ਵਿਚੋਂ 120 ਸਾਂਸਦਾਂ ਨੇ ਦਸਤਖਤ ਕੀਤੇ ਅਤੇ ਇਸ ਨੂੰ ਸੰਸਦ ਦੇ ਪੀਠਾਸੀਨ ਬੋਰਡ ਨੂੰ ਸੌਂਪ ਦਿੱਤਾ। ਜੇਕਰ ਪੀਠਾਸੀਨ ਬੋਰਡ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੰਦਾ ਹੈ  ਤਾਂ ਰਾਸ਼ਟਰਪਤੀ ਰੂਹਾਨੀ ਨੂੰ ਸੰਸਦ ਵਿਚ ਪੇਸ਼ ਹੋ ਕੇ ਸਾਂਸਦਾਂ ਦੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਭਾਵੇਂਕਿ ਵਿਸ਼ਲੇਸ਼ਕਾਂ ਦਾ ਕਹਿਣਾ ਹੈਕਿ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਵੱਲੋਂ ਸਰਕਾਰ ਦੇ ਸਾਰੇ ਅੰਗਂ ਵਿਚ ਏਕਤਾ ਦੀ ਅਪੀਲ ਦੇ ਵਿਚ ਇਸ ਗੱਲ ਦੀ ਆਸ ਘੱਟ ਹੈ ਕਿ ਪੀਠਾਸੀਨ ਬੋਰਡ ਇਸ ਪ੍ਰਸਤਾਵ ਨੂੰ ਮਨਜੂਰੀ ਦੇਵੇ। 

ਇੱਥੇ ਦੱਸ ਦਈਏ ਕਿ ਸੰਸਦ ਨੇ ਇਸ ਤਰ੍ਹਾਂ ਦਾ ਇਕ ਕਦਮ ਰੂਹਾਨੀ ਤੋਂ ਪਹਿਲਾਂ ਦੇ ਰਾਸ਼ਟਰਪਤੀ ਵਿਰੁੱਧ ਵੀ ਚੁੱਕਿਆ ਸੀ ਪਰ ਖਾਮਨੇਈ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਸ ਨੂੰ ਰੋਕ ਦਿੱਤਾ ਸੀ। ਪਹਿਲੀ ਵਾਰ ਰੂਹਾਨੀ ਸਾਲ 2013 ਵਿਚ ਰਾਸ਼ਟਰਪਤੀ ਚੁਣੇ ਗਏ ਸਨ ਅਤੇ ਸਾਲ 2017 ਵਿਚ ਉਹਨਾਂ ਨੂੰ ਮੁੜ ਇਸ ਅਹੁਦੇ ਦੇ ਲਈ ਚੁਣਿਆ ਗਿਆ। ਮਾਹਰਾਂ ਦਾ ਮੰਨਣਾ ਹੈ ਕਿ ਕੱਟੜਪੰਥੀ ਖਾਮਨੇਈ ਰੂਹਾਨੀ ਦੇ ਕਮਜੋਰ ਹੋਣ ਨਾਲ ਖੁਸ਼ ਹੋ ਸਕਦੇ ਹਨ। ਪਰ ਉਹ ਰਾਸ਼ਟਰਪਤੀ ਨੂੰ ਅਹੁਦੇ ਤੋਂ ਹਟਾ ਕੇ ਇਸਲਾਮੀ ਗਣਤੰਤਰ ਦੀ ਵੈਧਤਾ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁਣਗੇ। ਰੂਹਾਨੀ ਦਾ ਕਾਰਜਕਾਲ ਸਾਲ 2021 ਵਿਚ ਖਤਮ ਹੋ ਰਿਹਾ ਹੈ।


Vandana

Content Editor

Related News