ਇਪਸਾ ਵੱਲੋਂ ਬ੍ਰਿਸਬੇਨ ''ਚ ਰਾਜੀ ਮੁਸੱਵਰ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ ਆਯੋਜਿਤ

05/17/2022 9:12:42 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਅਮੈਰੀਕਨ ਕਾਲਜ ਬ੍ਰਿਸਬੇਨ ਵਿਖੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਨਾਲ ਸਬੰਧਿਤ ਆਰਟਿਸਟ ਰਾਜੀ ਮੁਸੱਵਰ ਦੀਆਂ ਕਲਾ-ਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ 'ਚ ਰੱਖੇ ਗਏ ਰਾਜੀ ਮੁਸੱਵਰ ਦੇ ਬਣਾਏ ਹੋਏ ਪੈਨਸਿਲ ਸਕੈੱਚ ਬਹੁਤ ਸਲਾਹੇ ਗਏ। ਇਨ੍ਹਾਂ 'ਚ ਫ਼ਿਲਮੀ ਅਤੇ ਸੰਗੀਤ ਦੀ ਦੁਨੀਆ ਦੀਆਂ ਵੱਡੀਆਂ ਹਸਤੀਆਂ ਰਾਜ ਕਪੂਰ, ਓਮ ਪੁਰੀ, ਗੁਲਜ਼ਾਰ, ਮੁਹੰਮਦ ਰਫ਼ੀ, ਦੇਵਆਨੰਦ, ਨੁਸਰਤ ਫ਼ਤਿਹ ਅਲੀ ਖਾਨ, ਜਗਜੀਤ ਸਿੰਘ ਆਦਿ ਦੇ ਸਕੈੱਚ ਜ਼ਿਕਰਯੋਗ ਸਨ। ਪੰਜਾਬੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਪਾਸ਼ ਦੇ ਪੈਨਸਿਲ ਪੋਰਟ੍ਰੇਟ ਬਹੁਤ ਹੀ ਸ਼ਾਨਦਾਰ ਸਨ। ਇਸ ਤੋਂ ਇਲਾਵਾ ਜਨ ਸਾਧਾਰਨ ਦੀਆਂ ਮਾਰਮਿਕ ਕਹਾਣੀਆਂ 'ਤੇ ਆਧਾਰਿਤ ਸਕੈੱਚ ਰਿਸ਼ਤਿਆਂ ਅਤੇ ਜਜ਼ਬਾਤ ਦਾ ਅਨੋਖਾ ਸੁਮੇਲ ਸਨ।

ਇਹ ਵੀ ਪੜ੍ਹੋ :- ਰੂਸ ਨੇ ਫਿਨਲੈਂਡ ਦੇ 2 ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਫੈਸਲਾ

PunjabKesari

ਇਸ ਕਲਾ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਕਹਾਣੀਕਾਰ ਜਿੰਦਰ, ਲੇਖਕ ਗੁਰਦਿਆਲ ਦਲਾਲ, ਡਾ. ਅਰਵਿੰਦਰ ਪਾਲ ਕੌਰ, ਗੀਤਕਾਰ ਨਿਰਮਲ ਦਿਓਲ ਨੇ ਕਈ ਕਲਾ-ਕ੍ਰਿਤੀਆਂ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਸਮਾਗਮ ਦੀ ਸ਼ੁਰੂਆਤ ਗਾਇਕ ਮੀਤ ਧਾਲੀਵਾਲ ਵੱਲੋਂ ਕਲਾ ਅਤੇ ਕਲਾਕਾਰ ਨੂੰ ਸਮਰਪਿਤ ਗੀਤ ਨਾਲ ਹੋਈ। ਫਿਰ ਸਰਬਜੀਤ ਸੋਹੀ ਨੇ ਰਾਜੀ ਮੁਸੱਵਰ ਦੀ ਜਾਣ-ਪਛਾਣ ਕਰਵਾਉਂਦਿਆਂ ਕਲਾ ਦੇ ਪਹਿਲੂਆਂ ਅਤੇ ਰਾਜੀ ਦੀ ਕਲਾਕਾਰੀ ਨਾਲ ਸਰੋਤਿਆਂ ਨੂੰ ਜਾਣੂ ਕਰਵਾਇਆ। ਇਸ ਤੋਂ ਬਾਅਦ ਪੰਜਾਬੀ ਦੀ ਮਸ਼ਹੂਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨੇ ਆਪਣੇ ਸ਼ੇਅਰਾਂ ਨਾਲ ਇਸ ਨੁਮਾਇਸ਼ ਨੂੰ ਚਾਰ ਚੰਨ ਲਾ ਦਿੱਤੇ। ਸਮਾਗਮ ਦੀ ਖਿੱਚ ਦਾ ਕੇਂਦਰ ਵਿਦਵਾਨ ਡਾ. ਹਰਭਜਨ ਸਿੰਘ ਭਾਟੀਆ ਨੇ ਰਾਜੀ ਦੀ ਕਲਾਕਾਰੀ ਦੀ ਤਾਰੀਫ਼ ਕਰਦਿਆਂ ਕਲਾ ਅਤੇ ਕਲਾ ਦੇ ਮਨੋਰਥ ਬਾਰੇ ਬਹੁਤ ਹੀ ਮੁੱਲਵਾਨ ਵਿਚਾਰ ਦਿੱਤੇ।

PunjabKesari

ਡਾ. ਬਰਨਾਰਡ ਮਲਿਕ ਨੇ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਹ ਕਲਾ, ਅਦਬ ਅਤੇ ਸੰਗੀਤ ਆਦਿ ਸੂਖਮ ਕਲਾਵਾਂ ਲਈ ਪਹਿਲਾਂ ਵਾਂਗ ਹੀ ਆਪਣੇ ਵੱਲੋਂ ਦਿਲ ਖੋਲ੍ਹ ਕੇ ਮਦਦ ਕਰਦੇ ਰਹਿਣਗੇ। ਇਸ ਮੌਕੇ ਰਾਊਕੇ ਪਰਿਵਾਰ, ਅਮੈਰੀਕਨ ਕਾਲਜ ਅਤੇ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ ਵੱਲੋਂ ਰਾਜੀ ਮੁਸੱਵਰ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੋਇਬ ਜ਼ਾਇਦੀ, ਸਤਵਿੰਦਰ ਟੀਨੂੰ, ਹਰਪ੍ਰੀਤ ਕੋਹਲੀ, ਬਿਕਰਮਜੀਤ ਸਿੰਘ ਚੰਦੀ, ਇਪਸਾ ਦੇ ਪ੍ਰਧਾਨ ਰੁਪਿੰਦਰ ਸੋਜ਼, ਜਨਰਲ ਸਕੱਤਰ ਸੁਰਜੀਤ ਸੰਧੂ, ਰਵਿੰਦਰ ਹੇਅਰ, ਡਾ. ਹੈਰੀ, ਮੈਡਮ ਦਮਨ ਮਲਿਕ, ਦੀਪਇੰਦਰ ਸਿੰਘ, ਅਜੈਪਾਲ ਸਿੰਘ ਥਿੰਦ ਆਦਿ ਨਾਮਵਰ ਹਸਤੀਆਂ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।

ਇਹ ਵੀ ਪੜ੍ਹੋ :- ਹੋਣਹਾਰ ਪੰਜਾਬੀ ਚੋਬਰ ਨੈਣਦੀਪ ਸਿੰਘ ਚੰਨ ਨੂੰ ਮਿਲਿਆ ਢਾਈ ਲੱਖ ਅਮੇਰਿਕਨ ਡਾਲਰ ਦਾ ਇਨਾਮ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News