ਦੱਖਣੀ ਅਫਰੀਕਾ ਦੇ ਇਕ 'ਨਾਈਟ ਕਲੱਬ' 'ਚ 21 ਨਾਬਾਲਗਾਂ ਦੀ ਰਹੱਸਮਈ ਹਾਲਤ 'ਚ ਮੌਤ, ਜਾਂਚ ਜਾਰੀ
Monday, Jun 27, 2022 - 12:32 PM (IST)
ਜੋਹਾਨਸਬਰਗ (ਏਜੰਸੀ)- ਦੱਖਣੀ ਅਫਰੀਕਾ ਦੀ ਪੁਲਸ ਐਤਵਾਰ ਤੜਕੇ ਪੂਰਬੀ ਲੰਡਨ ਦੇ ਤੱਟਵਰਤੀ ਸ਼ਹਿਰ ਦੇ ਇੱਕ ਨਾਈਟ ਕਲੱਬ ਵਿੱਚ ਘੱਟੋ-ਘੱਟ 21 ਨਾਬਾਲਗਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਮੌਤ ਕਿਸ ਕਾਰਨ ਹੋਈ। ਕਥਿਤ ਤੌਰ 'ਤੇ ਇਹ ਨੌਜਵਾਨ ਸਕੂਲ ਦੀ ਪ੍ਰੀਖਿਆ ਖ਼ਤਮ ਹੋਣ ਦਾ ਜਸ਼ਨ ਮਨਾਉਣ ਲਈ ਕਲੱਬ ਗਏ ਸਨ। ਸਥਾਨਕ ਅਖਬਾਰ 'ਡੇਲੀ ਡਿਸਪੈਚ' ਦੀ ਖਬਰ ਮੁਤਾਬਕ ਲਾਸ਼ਾਂ ਮੇਜ਼ ਅਤੇ ਕੁਰਸੀਆਂ ਦੇ ਕੋਲ ਪਈਆਂ ਮਿਲੀਆਂ ਹਨ। ਲਾਸ਼ਾਂ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸਨ।
ਇਹ ਵੀ ਪੜ੍ਹੋ: ਨਿਊਯਾਰਕ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ ਵਿਅਕਤੀ ਦਾ ਗੋਲੀ ਮਾਰ ਕੇ ਕਤਲ
ਸਿਹਤ ਮੰਤਰਾਲਾ ਦੇ ਬੁਲਾਰੇ ਸਿਆਂਦਾ ਮਨਾਨਾ ਨੇ ਕਿਹਾ, “ਅਸੀਂ ਅਜੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਅਸੀਂ ਜਲਦੀ ਤੋਂ ਜਲਦੀ ਲਾਸ਼ਾਂ ਦਾ ਪੋਸਟਮਾਰਟਮ ਕਰਵਾਵਾਂਗੇ।” ਪੁਲਸ ਮੰਤਰੀ ਭੇਕੀ ਸੇਲੇ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਉਮਰ 13 ਤੋਂ 17 ਸਾਲ ਦੇ ਵਿਚਕਾਰ ਸੀ, ਜਿਸ ਨਾਲ ਇਹ ਸਵਾਲ ਉੱਠਦਾ ਹੈ ਕਿ ਉਨ੍ਹਾਂ ਦੀ ਛੋਟੀ ਉਮਰ ਦੇ ਬਾਵਜੂਦ ਉਨ੍ਹਾਂ ਨੂੰ ਸ਼ਰਾਬ ਕਿਉਂ ਦਿੱਤੀ ਗਈ? ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਇਕ ਬਿਆਨ ਮੁਤਾਬਕ, ''ਰਾਸ਼ਟਰਪਤੀ ਇਨ੍ਹਾਂ ਨੌਜਵਾਨਾਂ ਦੇ ਇਸ ਤਰ੍ਹ੍ਹਾਂ ਉਥੇ ਇਕੱਠੇ ਹੋਣ ਨੂੰ ਲੈ ਕੇ ਚਿੰਤਤ ਹਨ, ਜਿੱਥੇ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਦਾਖ਼ਲੇ 'ਤੇ ਪਾਬੰਦੀ ਹੋਣੀ ਚਾਹੀਦੀ ਹੈ।'' ਇਸ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ ਪਹਿਲਾਂ 20 ਦੱਸੀ ਗਈ ਸੀ, ਜੋ ਹੁਣ ਵੱਧ ਕੇ 21 ਹੋ ਗਈ ਹੈ। ਕਲੱਬ ਦੇ ਮਾਲਕ ਸਿਆਖੰਗੇਲਾ ਨਦੇਵੂ ਨੇ ਸਥਾਨਕ ਪ੍ਰਸਾਰਕ ENCA ਨੂੰ ਦੱਸਿਆ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਘਟਨਾ ਸਥਾਨ 'ਤੇ ਬੁਲਾਇਆ ਗਿਆ ਸੀ। ਨਦੇਵੂ ਨੇ ਕਿਹਾ, ''ਮੈਨੂੰ ਅਜੇ ਵੀ ਨਹੀਂ ਪਤਾ ਕਿ ਅਸਲ ਵਿਚ ਕੀ ਹੋਇਆ ਹੈ, ਪਰ ਜਦੋਂ ਮੈਨੂੰ ਸਵੇਰੇ ਬੁਲਾਇਆ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਕੁਝ ਲੋਕ ਜ਼ਬਰਦਸਤੀ ਉਥੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।'' ਉਨ੍ਹਾਂ ਕਿਹ ਕਿ ਅਸੀਂ ਕਾਰਨ ਜਾਣਨ ਲਈ ਪੁਲਸ ਰਿਪੋਰਟ ਦੀ ਉਡੀਕ ਕਰ ਰਹੇ ਹਾਂ।
ਇਹ ਵੀ ਪੜ੍ਹੋ: 'ਬੁੱਲਫਾਈਟ' ਦੌਰਾਨ ਡਿੱਗੀ ਦਰਸ਼ਕ ਗੈਲਰੀ, ਨਵਜਨਮੇ ਬੱਚੇ ਸਮੇਤ 4 ਦੀ ਮੌਤ, ਮਚੀ ਹਫੜਾ-ਦਫੜੀ (ਵੀਡੀਓ)