ਕੋਰੋਨਾ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਇਨ੍ਹਾਂ ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
Wednesday, Apr 28, 2021 - 07:02 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ) ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਇਸ ਵਿਚਕਾਰ ਦੁਨੀਆ ਦੇ ਕਈ ਦੇਸ਼ ਅਜਿਹੇ ਵੀ ਹਨ, ਜਿਥੇ ਹੌਲੀ-ਹੌਲੀ ਹੀ ਸਹੀ ਪਰ ਜ਼ਿੰਦਗੀ ਪਟੜੀ 'ਤੇ ਪਰਤ ਰਹੀ ਏ। ਬੀਤੇ ਇਕ ਸਾਲ ਤੋਂ ਜਾਰੀ ਜੰਗ ਵਿਚਕਾਰ ਹੁਣ ਕੁਝ ਦੇਸ਼ ਕੋਰੋਨਾ ਵਾਇਰਸ 'ਤੇ ਭਾਰੀ ਪੈਂਦੇ ਨਜ਼ਰ ਆ ਰਹੇ ਹਨ। ਤੇਜੀ ਨਾਲ ਵੈਕਸੀਨੇਸ਼ਨ ਕਾਰਨ ਇਕ ਵਾਰ ਫਿਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿੰਦਗੀ ਫਿਰ ਤੋਂ ਪਹਿਲਾਂ ਵਰਗੀ ਹੋ ਜਾਵੇਗੀ। ਕੁਝ ਦੇਸ਼ਾਂ ਨੇ ਹੁਣ ਬਾਹਰ ਨਿਕਲਣ ਲਈ ਮਾਸਕ ਪਾਉਣ ਦੀ ਲਾਜ਼ਮੀ ਸ਼ਰਤ ਨੂੰ ਵੀ ਹਟਾ ਦਿੱਤਾ ਹੈ। ਜਦਕਿ ਕਈ ਦੇਸ਼ ਅਜਿਹੇ ਹਨ, ਜਿਨ੍ਹਾਂ ਨੇ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਜੀ ਹਾਂ ਬੱਸ ਸ਼ਰਤ ਇਨੀਂ ਹੈ ਕਿ ਇਨ੍ਹਾਂ ਦੇਸ਼ਾਂ 'ਚ ਆਉਣ ਵਾਲੇ ਪੂਰੀ ਤਰ੍ਹਾਂ ਨਾਲ ਵੈਕਸੀਨੇਡੇਟ ਹੋਣ। ਆਓ ਇਸ ਦੇ ਨਾਲ ਹੀ ਤਹਾਨੂੰ ਦੱਸਦੇ ਹਾਂ ਇਨ੍ਹਾਂ ਦੇਸ਼ਾਂ ਬਾਰੇ--
ਗ੍ਰੀਸ
ਗ੍ਰੀਸ ਨੇ ਵੀ ਬੀਤੇ ਹਫ਼ਤੇ ਆਪਣੇ ਦਰਵਾਜ਼ੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਹਾਲੇ ਯੂਰੋਪੀਅਨ ਦੇਸ਼ਾਂ, ਅਮਰੀਕਾ, ਯੂਏਈ, ਸਾਈਰੇਬੀਆ ਅਤੇ ਇਜਰਾਈਲ ਵਰਗੇ ਕੁਝ ਦੇਸ਼ਾਂ ਨੂੰ ਹੀ ਛੋਟ ਮਿਲੀ ਹੈ। ਇਸ ਦੇਸ਼ 'ਚ ਹੁਣ ਕੁਆਰੰਟਾਈਨ ਹੋਣ ਦੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ 'ਚ ਆਉਣ ਵਾਲਿਆਂ ਲਈ ਕੋਵਿਡ-19 ਦੀ ਨੈਗਟੀਵ ਰਿਪੋਰਟ ਹੋਣਾ ਵੀ ਲਾਜ਼ਮੀ ਨਹੀਂ ਹੈ। ਸਰਕਾਰ ਨੇ ਇਸ ਨੂੰ 'ਪਾਇਲਟ ਪ੍ਰਾਜੈਕਟ' ਵਜੋਂ ਸ਼ੁਰੂ ਕੀਤਾ ਹੈ ਅਤੇ ਜਲਦ ਹੀ ਹੋਰਾਂ ਦੇਸ਼ਾਂ ਲਈ ਵੀ ਦਰਵਾਜ਼ੇ ਖੁੱਲ੍ਹ ਸਕਦੇ ਹਨ।
ਨੇਪਾਲ
ਨੇਪਾਲ ਵੀ ਉਨ੍ਹਾਂ ਯਾਤਰੀਆਂ ਦਾ ਸਵਾਗਤ ਕਰ ਰਿਹਾ ਹੈ, ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾ ਲੈ ਲਈਆਂ ਹਨ। ਇਥੇ ਘੁੰਮਣ ਦੇ ਲਈ ਤਹਾਨੂੰ ਵੈਕਸੀਨ ਲੈਣ ਦੇ ਦਸਤਾਵੇਜ਼ ਦਿਖਾਉਣੇ ਪੈਣਗੇ। ਨਾਲ ਹੀ ਸੈਰ-ਸਪਾਟਾ ਵਿਭਾਗ ਵੱਲੋਂ ਇਕ ਸਿਫਾਰਸ਼ ਵਾਲੇ ਪੱਤਰ ਦੀ ਲੋੜ ਹੋਵੇਗੀ।
ਮੌਂਟੇਨੇਗਰੋ
ਇਹ ਦੇਸ਼ ਵੀ ਸੈਲਾਨੀਆਂ ਦਾ ਸਵਾਗਤ ਕਰਨ ਲਈ ਤਿਆਰ ਹੈ। ਅਮਰੀਕਾ ਸਣੇ ਕਈ ਦੇਸ਼ਾਂ ਦੇ ਯਾਤਰੀਆਂ ਨੂੰ ਇੱਥੇ ਆਉਣ ਦੀ ਮਨਜ਼ੂਰੀ ਹੈ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਦਾ ਸਰਟੀਫਿਕੇਟ ਜਾਂ ਫਿਰ 72 ਘੰਟੇ ਪਹਿਲਾਂ ਦੀ ਕੋਵਿਡ-19 ਨੈਗਟਿਵ ਰਿਪੋਰਟ ਦਿਖਾਉਣੀ ਹੋਵੇਗੀ।
ਪੜ੍ਹੋ ਇਹ ਅਹਿਮ ਖਬਰ - ਯੂਕੇ: ਅੰਤਰਰਾਸ਼ਟਰੀ ਯਾਤਰਾ ਲਈ ਕੋਰੋਨਾ ਟੀਕਾਕਰਨ ਦੇ ਸਬੂਤ ਵਜੋਂ ਕਰੇਗਾ ਐਪ ਦੀ ਵਰਤੋਂ
ਗੁਆਟੇਮਾਲਾ
ਸੈਂਟਰਲ ਅਮਰੀਕਾ ਦੇ ਦੇਸ਼ ਗਾਵਟੇਮਾਲਾ 'ਚ ਵੀ ਤੁਹਾਡਾ ਸਵਾਗਤ ਹੈ ਪਰ ਇਸ ਲਈ ਤਹਾਨੂੰ 2 ਹਫ਼ਤੇ ਪੁਰਾਣੇ ਕੋਵਿਡ-19 ਵੈਕਸੀਨ ਦਾ ਸਰਟੀਫਿਕੇਟ ਜਮਾਂ ਕਰਵਾਉਣਾ ਪਵੇਗਾ। 10 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਇਸ ਸ਼ਰਤ ਤੋਂ ਛੋਟ ਹੈ।
ਜਾਰਜੀਆ ਅਤੇ ਐਸਟੋਨੀਆ
ਯੂਰੋਪ ਅਤੇ ਏਸ਼ੀਆ ਦੇ ਵਿਚਕਾਰ ਵਸੇ ਜਾਰਜੀਆ ਨੇ ਸਾਰੇ ਦੇਸ਼ਾਂ ਨਾਲ ਲੱਗਦੀਆਂ ਆਪਣੀਆਂ ਹੱਦਾ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਇਕ ਫਰਵਰੀ ਨੂੰ ਜਾਰੀ ਹੁਕਮਾਂ ਦੇ ਮੁਤਾਬਕ ਜੇਕਰ ਤੁਸੀਂ ਵੈਕਸੀਨ ਦੀਆਂ ਦੇਵੋਂ ਖੁਰਾਕਾਂ ਲੈ ਲਈਆਂ ਹਨ ਤਾਂ ਤੁਸੀਂ ਆਪਣੇ ਦਸਤਾਵੇਜ਼ ਦਿਖਾ ਕੇ ਇਥੇ ਆ ਸਕਦੇ ਹੋ। ਐਸਟੋਨੀਆ ਨੇ ਵੀ 10 ਦਿਨ ਦੇ ਕੁਆਰੰਟਾਈਨ ਰਹਿਣ ਦੀ ਸ਼ਰਤ ਉਨ੍ਹਾਂ ਲੋਕਾਂ ਲਈ ਹਟਾ ਦਿੱਤੀ ਹੈ, ਜੋ ਪੂਰੀ ਤਰ੍ਹਾਂ ਨਾਲ ਵੈਕਸੀਨ ਲੈ ਚੁੱਕੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਸਾਲ ਅਮਰੀਕਾ 'ਚ ਵੀ ਕੋਰੋਨਾ ਨੇ ਬੇਹੱਦ ਕਹਿਰ ਢਾਇਆ ਹੋਇਆ ਸੀ ਪਰ ਹੁਣ ਉੱਥੇ ਹੌਲੀ-ਹੌਲੀ ਸਥਿਤੀ ਮਹਾਮਾਰੀ ਨਾਲ ਜੰਗ ਜਿੱਤਦੀ ਦਿਖਾਈ ਦੇ ਰਹੀ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਤੁਸੀਂ ਵੈਕਸੀਨ ਲੈ ਚੁੱਕੇ ਹੋ ਜਾਂ ਤਹਾਨੂੰ ਭੀੜ-ਭਾੜ ਵਾਲੀਆਂ ਥਾਵਾਂ ਨੂੰ ਛੱਡ ਕੇ ਬਾਕੀ ਥਾਵਾਂ 'ਤੇ ਮਾਸਕ ਪਾਉਣ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਵੀ 18 ਅਪ੍ਰੈਲ ਨੂੰ ਸਥਾਨਕ ਲੋਕਾਂ ਨੂੰ ਬਿਨ੍ਹਾਂ ਮਾਸਕ ਦੇ ਖੁੱਲ੍ਹੀ ਹਵਾ 'ਚ ਸਾਹ ਲੈਣ ਦੀ ਇਜ਼ਾਜਤ ਦੇ ਦਿੱਤੀ ਸੀ। ਇਸ ਦੇਸ਼ ਅੰਦਰ 60 ਫੀਸਦੀ ਲੋਕਾਂ ਵਲੋਂ ਵੈਕਸੀਨ ਲਗਵਾਈ ਜਾ ਚੁੱਕੀ ਹੈ।
ਨੋਟ- ਕੋਰੋਨਾ ਵੈਕਸੀਨ ਲਗਵਾ ਚੁੱਕੇ ਲੋਕਾਂ ਲਈ ਇਨ੍ਹਾਂ ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।