ਅੰਤਰਰਾਸ਼ਟਰੀ ਮੁਦਰਾ ਫੰਡ ਨੇ ਪਾਕਿਸਤਾਨ ਦੀ ਫੰਡ ਸਹੂਲਤ ’ਤੇ ਲਾਈ ਪਾਬੰਦੀ
Tuesday, Apr 05, 2022 - 04:02 PM (IST)
ਇਸਲਾਮਾਬਾਦ (ਵਾਰਤਾ) : ਪਾਕਿਸਤਾਨ ’ਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੀ ਸਰਕਾਰ ਦੇ ਪਤਨ ਅਤੇ ਨੈਸ਼ਨਲ ਅਸੈਂਬਲੀ ਦੇ ਭੰਗ ਹੋਣ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਦੇਸ਼ ਦੀ ਫੰਡ ਸਹੂਲਤ ’ਤੇ ਪਾਬੰਦੀ ਲਾ ਦਿੱਤੀ ਹੈ। ਪਾਕਿਸਤਾਨ ਦੇ ਅਖ਼ਬਾਰ ‘ਡਾਨ’ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਰਾਜਧਾਨੀ ਇਸਲਾਮਾਬਾਦ ’ਚ ਆਈ. ਐੱਮ. ਐੱਫ. ਦੇ ਪ੍ਰਤੀਨਿਧੀ ਐਸਤੇਰ ਪੇਰੇਜ਼ ਰੂਇਜ਼ ਨੇ ਕਿਹਾ ਕਿ ਉਹ ਦੇਸ਼ ’ਚ ਨਵੀਂ ਸਰਕਾਰ ਬਣਨ ਦੀ ਉਡੀਕ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਫੰਡ ਦੀ ਸਹੂਲਤ ਬਹਾਲ ਕਰ ਦਿੱਤੀ ਜਾਵੇਗੀ।
ਰੂਈਜ਼ ਨੇ ਹਾਲਾਂਕਿ ਭਰੋਸਾ ਦਿੱਤਾ ਹੈ ਕਿ ਆਈ. ਐੱਮ. ਐੱਫ. ਪਾਕਿਸਤਾਨ ਨੂੰ ਆਪਣਾ ਸਮਰਥਨ ਜਾਰੀ ਰੱਖੇਗਾ ਅਤੇ ਦੇਸ਼ ’ਚ ਇਕ ਵਾਰ ਨਵੀਂ ਸਰਕਾਰ ਬਣ ਜਾਣ ਤੋਂ ਬਾਅਦ ਅਸੀਂ ਵਿਆਪਕ ਆਰਥਿਕ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਨੀਤੀਆਂ ’ਤੇ ਕੰਮ ਕਰਾਂਗੇ। ਵਰਣਨਯੋਗ ਹੈ ਕਿ ਪਾਕਿਸਤਾਨ ਲਈ 6 ਅਰਬ ਡਾਲਰ ਦੇ ਵਿਸਤ੍ਰਿਤ ਫੰਡ ਦੀ ਸਹੂਲਤ ਇਸ ਮਹੀਨੇ ਦੇ ਸ਼ੁਰੂ ’ਚ ਉਸ ਸਮੇਂ ਮੁਸੀਬਤ ’ਚ ਪੈ ਗਈ ਸੀ, ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੈਕਸ ਮੁਆਫ਼ੀ ਯੋਜਨਾ ਅਤੇ ਬਿਜਲੀ ਦੀਆਂ ਕੀਮਤਾਂ ’ਚ ਕਟੌਤੀ ਨਾਲ ਜੁੜੇ ਵੱਡੇ ਰਾਹਤ ਪੈਕੇਜ ਦਾ ਐਲਾਨ ਕੀਤਾ, ਜਿਸ ’ਤੇ ਆਈ. ਐੱਮ. ਐੱਫ. ਨੇ ਅਸਹਿਮਤੀ ਪ੍ਰਗਟਾਈ ਸੀ।