ਇੰਫੋਸਿਸ 12-18 ਮਹੀਨਿਆਂ 'ਚ ਕੈਨੇਡਾ 'ਚ ਦੁੱਗਣੇ ਕਰੇਗੀ ਮੁਲਾਜ਼ਮ : ਨੰਦਨ ਨੀਲੇਕਣੀ

Monday, Oct 12, 2020 - 10:42 AM (IST)

ਇੰਫੋਸਿਸ 12-18 ਮਹੀਨਿਆਂ 'ਚ ਕੈਨੇਡਾ 'ਚ ਦੁੱਗਣੇ ਕਰੇਗੀ ਮੁਲਾਜ਼ਮ : ਨੰਦਨ ਨੀਲੇਕਣੀ

ਟੋਰਾਂਟੋ : ਭਾਰਤੀ ਸੂਚਨਾ ਤਕਨਾਲੋਜੀ (ਆਈ. ਟੀ.) ਖੇਤਰ ਦੀ ਦਿੱਗਜ ਕੰਪਨੀ ਇੰਫੋਸਿਸ ਕੈਨੇਡਾ 'ਚ ਆਪਣਾ ਕਾਰੋਬਾਰ ਹੋਰ ਵਧਾਉਣ ਜਾ ਰਹੀ ਹੈ। ਕੰਪਨੀ ਦੇ ਸਹਿ-ਸੰਸਥਾਪਕ ਅਤੇ ਗੈਰ-ਕਾਰਜਕਾਰੀ ਚੇਅਰਮੈਨ ਨੰਦਨ ਨੀਲੇਕਣੀ ਨੇ ਕਿਹਾ ਕਿ ਅਗਲੇ 12 ਤੋਂ 18 ਮਹੀਨਿਆਂ 'ਚ ਉਹ ਕੈਨੇਡਾ 'ਚ ਆਪਣੇ ਮੁਲਾਜ਼ਮਾਂ ਦੀ ਗਿਣਤੀ ਦੁੱਗਣੀ ਕਰ ਦੇਣਗੇ। ਪਿਛਲੇ ਦਿਨੀਂ ਸਲਾਨਾ ਇਨਵੈਸਟ ਇੰਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨੀਲੇਕਣੀ ਨੇ ਕਿਹਾ ਕਿ ਕੈਨੇਡਾ ਇੰਫੋਸਿਸ ਲਈ ਇਕ ਮਹੱਤਵਪੂਰਨ ਦੇਸ਼ ਹੈ ਅਤੇ ਉਨ੍ਹਾਂ ਦੀ ਆਈ. ਟੀ. ਕੰਪਨੀ ਦੇ ਕੈਨੇਡਾ ਵਿਚ 2,000 ਤੋਂ ਵੱਧ ਮੁਲਾਜ਼ਮਾਂ ਦੇ ਨਾਲ ਟੋਰਾਂਟੋ, ਕੈਲਗਰੀ ਅਤੇ ਵੈਨਕੂਵਰ ਵਿਚ ਤਿੰਨ ਕੇਂਦਰ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੇ 12 ਤੋਂ 18 ਮਹੀਨਿਆਂ ਵਿੱਚ ਕੰਪਨੀ ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ ਦੁੱਗਣੀ ਭਾਵ 4 ਹਜ਼ਾਰ ਤੋਂ ਵੱਧ ਕਰਨ 'ਤੇ ਵਿਚਾਰ ਕਰ ਰਹੀ ਹੈ।

ਨੀਲੇਕਣੀ ਨੇ ਕਿਹਾ ਕਿ ਕੰਪਨੀ ਦੇ ਕੈਨੇਡਾ ਅਤੇ ਅਮਰੀਕਾ ਵਿਚ ਚੰਗੇ ਗਾਹਕ ਹਨ। ਇਸ ਤੋਂ ਇਲਾਵਾ ਕੈਨੇਡਾ ਦੀਆਂ ਯੂਨੀਵਰਸਿਟੀਜ਼ ਜਿਵੇਂ ਕਿ ਟੋਰਾਂਟੋ ਅਤੇ ਵੈਨਕੂਵਰ ਨਾਲ ਵੀ ਬਿਹਤਰ ਸਬੰਧ ਹਨ। ਇਸ ਮੌਕੇ ਉਨ੍ਹਾਂ ਨੇ ਭਾਰਤ ਵਿਚ ਆਧਾਰ ਕਾਰਡ ਦੀ ਸਫ਼ਲਤਾ ਦੇ ਵੀ ਗੁਣ ਗਾਏ। ਆਧਾਰ ਬਾਰੇ ਗੱਲ ਕਰਦਿਆਂ, ਨੀਲੇਕਣੀ ਨੇ ਕਿਹਾ ਇਸ ਪਲੇਟਫਾਰਮ ਨੇ ਸਿੱਧੇ ਲਾਭ ਟਰਾਂਸਫਰ (ਡੀ. ਬੀ. ਟੀ.) ਪ੍ਰੋਗਰਾਮ ਵਿਚ ਵੱਡੀ ਭੂਮਿਕਾ ਨਿਭਾਈ ਹੈ, ਖ਼ਾਸਕਰ ਕੋਵਿਡ-19 ਨਾਲ ਜੁੜੀ ਤਾਲਾਬੰਦੀ ਦੌਰਾਨ ਲੋਕਾਂ ਨੂੰ ਸਰਕਾਰੀ ਮਦਦ ਪਹੁੰਚਣ ਵਿਚ ਕਾਫ਼ੀ ਮਦਦ ਮਿਲੀ ਹੈ।

ਉਨ੍ਹਾਂ ਕਿਹਾ, "ਮੈਨੂੰ ਲਗਦਾ ਹੈ ਕਿ ਇਹ ਸੰਕਟ ਦੇ ਸੰਦਰਭ ਵਿਚ ਤਕਨਾਲੋਜੀ ਦੀ ਸ਼ਕਤੀ ਦਰਸਾਉਂਦਾ ਹੈ। ਆਧਾਰ ਅਸਲ ਵਿਚ ਡਿਜੀਟਲਾਈਜੇਸ਼ਨ ਦਾ ਇੱਕ ਵੱਡਾ ਹਿੱਸਾ ਰਿਹਾ ਹੈ। ਮਹਾਮਾਰੀ ਦੌਰਾਨ ਇਕ ਤਰ੍ਹਾਂ ਦੀ ਪੁਸ਼ਟੀ ਹੋ ਗਈ ਹੈ ਕਿ ਇਹ ਡਿਜੀਟਲ ਬੁਨਿਆਦੀ ਢਾਂਚਾ ਕਿਸੇ ਦੇਸ਼ ਲਈ ਬਹੁਤ ਰਣਨੀਤਕ ਹੈ।"


author

Lalita Mam

Content Editor

Related News