ਪਾਕਿਸਤਾਨ ’ਚ ਮਹਿੰਗਾਈ 9 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ

12/06/2019 9:31:07 AM

ਇਸਲਾਮਾਬਾਦ — ਪਾਕਿਸਤਾਨ ’ਚ ਮਹਿੰਗਾਈ ਦਾ ਬੁਰਾ ਹਾਲ ਹੈ। ਟਮਾਟਰ, ਆਲੂ, ਦਾਲ-ਦਲਹਨ ਅਤੇ ਦੁੱਧ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਜ਼ਰੂਰੀ ਵਸਤਾਂ ਦੇ ਮਹਿੰਗੇ ਹੋਣ ਨਾਲ ਮਹਿੰਗਾਈ ਦੀ ਦਰ ਨਵੰਬਰ ਮਹੀਨੇ ’ਚ 9 ਸਾਲ ਦੇ ਸਭ ਤੋਂ ਉੱਚੇ ਪੱਧਰ 12.7 ਫ਼ੀਸਦੀ ’ਤੇ ਪਹੁੰਚ ਗਈ। ਪਾਕਿਸਤਾਨ ਅੰਕੜਾ ਬਿਊਰੋ (ਪੀ. ਬੀ. ਐੱਸ.) ਵੱਲੋਂ ਬੁੱਧਵਾਰ ਨੂੰ ਜਾਰੀ ਮਹਿੰਗਾਈ ਦੇ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।

ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦੀ ਦਰ ਪੀ. ਬੀ. ਐੱਸ. ਦੇ ਕੈਲਕੁਲੇਸ਼ਨ ਮੈਥਡ ਲਈ ਨਵਾਂ ਆਧਾਰ ਸਾਲ 2015-16 ਨਿਰਧਾਰਤ ਕਰਨ ’ਤੇ ਇਹ ਇਕ ਮਹੀਨਾ ਪਹਿਲਾਂ ਦੇ ਮੁਕਾਬਲੇ 1.3 ਫ਼ੀਸਦੀ ਵਧ ਗਈ। ਪਹਿਲਾਂ ਮਹਿੰਗਾਈ ਮਾਪਣ ਲਈ 2007-08 ਆਧਾਰ ਵਿੱਤੀ ਸਾਲ ਸੀ। ਵਿੱਤ ਮੰਤਰਾਲਾ ਵੱਲੋਂ ਜਾਰੀ ਸੰਖੇਪ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਤੋਂ ਇਸ ’ਚ ਗਿਰਾਵਟ ਆਵੇਗੀ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਕਿੰਨੀ ਰਹੇਗੀ।

ਪੀ. ਬੀ. ਐੱਸ. ਦੇ ਅੰਕੜਿਆਂ ਅਨੁਸਾਰ ਨਵੰਬਰ ’ਚ ਮਹਿੰਗਾਈ ਵਧਣ ਦੀ ਮੁੱਖ ਵਜ੍ਹਾ ਖਾਣ-ਪੀਣ ਦੀਆਂ ਵਸਤਾਂ ਦਾ ਮਹਿੰਗਾ ਹੋਣਾ ਸੀ। ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਸ਼ਹਿਰੀ ਖੇਤਰਾਂ ਦੇ ਮੁਕਾਬਲੇ ਪੇਂਡੂ ਇਲਾਕਿਆਂ ’ਚ ਜ਼ਰੂਰੀ ਵਸਤਾਂ ਦੇ ਮੁੱਲ ਜ਼ਿਆਦਾ ਹਨ। ਨਵੰਬਰ ’ਚ ਸ਼ਹਿਰੀ ਖੇਤਰਾਂ ’ਚ ਖੁਰਾਕ ਮਹਿੰਗਾਈ ਸਾਲਾਨਾ ਅਤੇ ਮਹੀਨਾਵਾਰੀ ਆਧਾਰ ’ਤੇ ਕ੍ਰਮਵਾਰ 16.6 ਅਤੇ 2.4 ਫ਼ੀਸਦੀ ਵਧੀ। ਪੇਂਡੂ ਖੇਤਰਾਂ ’ਚ ਵਾਧਾ ਕ੍ਰਮਵਾਰ 19.3 ਅਤੇ 3.4 ਫ਼ੀਸਦੀ ਰਿਹਾ।

ਸ਼ਹਿਰੀ ਖੇਤਰਾਂ ’ਚ ਟਮਾਟਰ ਦੀ ਕੀਮਤ ’ਚ 149.41 ਫ਼ੀਸਦੀ ਦਾ ਵੱਡਾ ਉਛਾਲ

ਸ਼ਹਿਰੀ ਖੇਤਰਾਂ ’ਚ ਟਮਾਟਰ ਦੀ ਕੀਮਤ ’ਚ 149.41 ਫ਼ੀਸਦੀ ਦਾ ਵੱਡਾ ਉਛਾਲ ਆਇਆ। ਮਿਲੀਆਂ-ਜੁਲੀਆਂ ਦਾਲਾਂ 11.72 ਫ਼ੀਸਦੀ ਮਹਿੰਗੀਆਂ ਹੋਈਆਂ। ਮੂੰਗੀ ਦਾਲ 7.79 ਅਤੇ ਕਣਕ 6.86 ਫ਼ੀਸਦੀ ਮਹਿੰਗੀ ਹੋਈ। ਆਲੂ ਅਤੇ ਆਟੇ ਦੇ ਮੁੱਲ ਕ੍ਰਮਵਾਰ 6.72 ਅਤੇ 4.74 ਫ਼ੀਸਦੀ ਵਧ ਗਏ। ਪਿਆਜ਼ 3.82 ਅਤੇ ਦੁੱਧ 1.42 ਫ਼ੀਸਦੀ ਵਧ ਗਿਆ। ਉਥੇ ਹੀ ਤਾਜ਼ੀਆਂ ਸਬਜ਼ੀਆਂ ਦੇ ਮੁੱਲ 11.52, ਚਿਕਨ 2.28 ਅਤੇ ਖੰਡ 1.18 ਫ਼ੀਸਦੀ ਸਸਤੇ ਵੀ ਹੋਏ।

ਪੇਂਡੂ ਖੇਤਰਾਂ ’ਚ ਟਮਾਟਰ ਦੇ ਮੁੱਲ 189.76 ਅਤੇ ਪਿਆਜ਼ ਦੇ 13.83 ਫ਼ੀਸਦੀ ਚੜ੍ਹ ਗਏ। ਕਣਕ ਅਤੇ ਮੂੰਗੀ ਦਾਲ ਕ੍ਰਮਵਾਰ 10.85 ਅਤੇ 8.55 ਫ਼ੀਸਦੀ ਮਹਿੰਗੇ ਹੋਏ। ਬੀਂਸ, ਕਣਕ ਦਾ ਆਟਾ, ਤਾਜ਼ੇ ਫਲ, ਆਲੂ, ਮਸਰ ਦਾਲ, ਸੁੱਕੇ ਫਲ, ਸੂਤੀ ਕੱਪੜਾ, ਛੋਲੇ, ਆਂਡਾ, ਮੱਛੀ, ਤਿਆਰ ਖੁਰਾਕੀ ਪਦਾਰਥ, ਚੌਲ ਵੀ ਪੇਂਡੂ ਖੇਤਰਾਂ ’ਚ ਮਹਿੰਗੇ ਹੋਏ ਹਨ। ਸ਼ਹਿਰੀ ਖੇਤਰਾਂ ’ਚ ਗੈਰ-ਖੁਰਾਕੀ ਪਦਾਰਥਾਂ ਦੀ ਮਹਿੰਗਾਈ ਸਾਲਾਨਾ ਆਧਾਰ ’ਤੇ 9.6 ਅਤੇ ਪੇਂਡੂ ਇਲਾਕਿਆਂ ’ਚ 9 ਫ਼ੀਸਦੀ ਵਧੀ ਹੈ।


Related News