ਮਹਿੰਗਾਈ ਦੀ ਮਾਰ.... 1 ਕਿਲੋ ਆਟਾ 7 ਹਜ਼ਾਰ ਅਤੇ 1 ਲੀਟਰ ਪਾਣੀ 2 ਹਜ਼ਾਰ ਰੁਪਏ ''ਚ ਵਿਕ ਰਿਹੈ

Wednesday, May 21, 2025 - 11:26 AM (IST)

ਮਹਿੰਗਾਈ ਦੀ ਮਾਰ.... 1 ਕਿਲੋ ਆਟਾ 7 ਹਜ਼ਾਰ ਅਤੇ 1 ਲੀਟਰ ਪਾਣੀ 2 ਹਜ਼ਾਰ ਰੁਪਏ ''ਚ ਵਿਕ ਰਿਹੈ

ਰਾਫੇਹ/ਤੇਲ ਅਵੀਵ- ਗਾਜ਼ਾ ਯੁੱਧ 19 ਮਹੀਨੇ ਤੋਂ ਵੱਧ ਤੋਂ ਜਾਰੀ ਹੈ। ਇਸ ਕਾਰਨ 22% ਗਾਜ਼ਾ ਵਾਸੀ ਹੁਣ ਭੁੱਖਮਰੀ ਦੀ ਕਗਾਰ 'ਤੇ ਹਨ। ਕਦੇ ਸਬਜ਼ੀਆਂ ਨਾਲ ਸਜਿਆ ਬਾਜ਼ਾਰ ਹੁਣ ਸੁਆਹ ਨਾਲ ਭਰਿਆ ਪਿਆ ਹੈ, ਚਾਰੇ ਪਾਸੇ ਪਲਾਸਟਿਕ ਸੜਨ ਦੀ ਬਦਬੂ ਹੈ ਅਤੇ ਬਾਜ਼ਾਰ ਖਾਲੀ ਪਏ ਹਨ। ਇੱਥੇ ਇੱਕ ਕਿਲੋ ਚੌਲ, ਜੋ ਫਰਵਰੀ ਵਿੱਚ 250 ਰੁਪਏ ਸਨ, ਹੁਣ 830 ਰੁਪਏ ਵਿੱਚ ਮਿਲ ਰਿਹਾ ਹੈ, ਉੱਥੇ ਹੀ ਇੱਕ ਲੀਟਰ ਪਾਣੀ ਦੀ ਕੀਮਤ ਦੋ ਹਜ਼ਾਰ ਰੁਪਏ ਤੋਂ ਵੱਧ ਹੋ ਗਈ ਹੈ। ਲੋਕ ਇੱਕ ਆਂਡਾ 300 ਰੁਪਏ ਵਿੱਚ ਖਰੀਦਣ ਲਈ ਮਜਬੂਰ ਹਨ। ਇਸ ਸਭ ਦਾ ਅਸਲ ਕਾਰਨ ਇਜ਼ਰਾਈਲ ਦੁਆਰਾ ਸਪਲਾਈ ਦੀ ਨਾਕਾਬੰਦੀ ਹੈ। ਜਿਵੇਂ ਹੀ 2 ਮਾਰਚ ਨੂੰ ਜੰਗਬੰਦੀ ਟੁੱਟੀ, ਇਜ਼ਰਾਈਲ ਨੇ ਮਨੁੱਖੀ ਸਹਾਇਤਾ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ। ਹਾਲਾਂਕਿ ਦਬਾਅ ਕਾਰਨ ਨੇਤਨਯਾਹੂ ਨੂੰ ਨਾਕਾਬੰਦੀ ਵਿੱਚ ਢਿੱਲ ਦੇਣ ਲਈ ਮਜਬੂਰ ਹੋਣਾ ਪਿਆ ਹੈ।

ਨਾਕਾਬੰਦੀ ਕਾਰਨ ਗਾਜ਼ਾ ਵਿੱਚ ਆਟੇ ਦੀਆਂ ਕੀਮਤਾਂ ਵਿੱਚ 1000% ਅਤੇ ਤੇਲ ਦੀਆਂ ਕੀਮਤਾਂ ਵਿੱਚ 1,200% ਦਾ ਵਾਧਾ ਹੋਇਆ ਹੈ। ਖੀਰੇ ਦੀ ਕੀਮਤ 7 ਗੁਣਾ ਵਧ ਗਈ ਹੈ। ਬੇਬੀ ਫੂਡ ਚਾਰ ਗੁਣਾ ਤੋਂ ਵੱਧ ਮਹਿੰਗਾ ਹੋ ਗਿਆ ਹੈ ਅਤੇ ਮਟਰ ਹੁਣ 1,000% ਵੱਧ ਮਹਿੰਗੇ ਹਨ। ਫਲ ਅਤੇ ਚਿਕਨ ਵਰਗੀਆਂ ਚੀਜ਼ਾਂ ਬਾਜ਼ਾਰ ਵਿੱਚੋਂ ਗਾਇਬ ਹੋ ਗਈਆਂ ਹਨ। ਰਸੋਈ ਗੈਸ ਦੀਆਂ ਕੀਮਤਾਂ ਵਿੱਚ 2400% ਦਾ ਵਾਧਾ ਹੋਣ ਕਾਰਨ ਖਾਣਾ ਬਣਾਉਣਾ ਅਸੰਭਵ ਹੋ ਗਿਆ ਹੈ।

ਕੀਮਤਾਂ ਵਿਚ ਹੈਰਾਨੀਜਨਕ ਵਾਧਾ (ਅੰਕੜੇ ਰੁਪਏ ਵਿਚ)

-1 ਕਿਲੋ ਖੰਡ 83 ਰੁਪਏ ਤੋਂ ਵੱਧ ਕੇ 833 ਰੁਪਏ ਹੋਈ

-800 ਗ੍ਰਾਮ ਦੁੱਧ ਪਾਊਡਰ 167 ਰੁਪਏ ਤੋਂ ਵੱਧ ਕੇ 916 ਰੁਪਏ ਹੋਇਆ

-1 ਕਿਲੋ ਚੌਲ 125 ਰੁਪਏ ਤੋਂ ਵੱਧ ਕੇ 1,833 ਰੁਪਏ ਹੋਏ

-ਪਨੀਰ 0.5 ਕਿਲੋ 250 ਰੁਪਏ ਤੋਂ ਵੱਧ ਕੇ 2,083 ਰੁਪਏ ਹੋਇਆ

-1 ਕਿਲੋ ਬੇਬੀ ਫੂਡ 583 ਰੁਪਏ ਤੋਂ ਵੱਧ ਕੇ 2,333 ਰੁਪਏ ਹੋਇਆ

-1 ਦਰਜਨ ਆਂਡੇ 250 ਰੁਪਏ ਤੋਂ ਵੱਧ ਕੇ 3,583 ਰੁਪਏ ਹੋਏ

-1 ਕਿਲੋ ਆਟਾ 500 ਰੁਪਏ ਤੋਂ ਵੱਧ ਕੇ 7 ਹਜ਼ਾਰ ਰੁਪਏ ਹੋਇਆ

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਫੂਡ ਬੈਂਕਾਂ ਨੇ ਖੜ੍ਹੇ ਕੀਤੇ ਹੱਥ, ਦਾਣੇ-ਦਾਣੇ ਨੂੰ ਤਰਸੇ ਵਿਦਿਆਰਥੀ 

ਭਾਈਚਾਰਕ ਰਸੋਈਆਂ ਬੰਦ, ਲੋਕ ਆਟਾ, ਦਾਲਾਂ ਅਤੇ ਸਬਜ਼ੀਆਂ ਲੁੱਟਣ ਲਈ ਮਜਬੂਰ

ਜਿਹੜੀਆਂ ਰਸੋਈਆਂ ਕਦੇ ਜੰਗ ਨਾਲ ਜੂਝ ਰਹੇ ਲੋਕਾਂ ਲਈ ਖਾਣਾ ਤਿਆਰ ਕਰਦੀਆਂ ਸਨ, ਉਹ ਹੁਣ ਖਾਲੀ ਹਨ। ਗੈਸ, ਆਟਾ, ਦਾਲ ਸਭ ਲਗਭਗ ਖਤਮ ਹੋ ਚੁੱਕਾ ਹੈ। ਭਾਈਚਾਰਕ ਰਸੋਈਆਂ, ਜੋ ਕਿ ਯੁੱਧ ਦੌਰਾਨ ਲੋਕਾਂ ਦੀ ਜੀਵਨ ਰੇਖਾ ਸਨ, ਹੁਣ ਮਰ ਰਹੀਆਂ ਹਨ। ਭੁੱਖ ਹੁਣ ਹਰ ਗਲੀ ਵਿੱਚ ਲੁੱਟ-ਖਸੁੱਟ ਨੂੰ ਜਨਮ ਦੇ ਰਹੀ ਹੈ। ਆਟਾ, ਦਾਲਾਂ ਤੇ ਸਬਜ਼ੀਆਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ। ਸੰਯੁਕਤ ਰਾਸ਼ਟਰ ਸਹਾਇਤਾ ਸਮੂਹ ਦੇ ਹੈੱਡਕੁਆਰਟਰ ਅਤੇ ਸਹਾਇਤਾ ਗੋਦਾਮ ਨੂੰ ਵੀ ਲੁੱਟ ਦੀ ਮਾਰ ਪਈ ਹੈ।

ਫੌਜੀ ਕਾਰਵਾਈ ਨਾ ਰੁਕੀ ਤਾਂ ਪਾਬੰਦੀਆਂ ਲਾਗੂ

ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਨੇ ਗਾਜ਼ਾ ਵਿੱਚ ਇਜ਼ਰਾਈਲੀ ਫੌਜੀ ਕਾਰਵਾਈ ਨੂੰ ਅਸਹਿਣਯੋਗ ਕਿਹਾ ਹੈ। ਜੇਕਰ ਨਾਕਾਬੰਦੀ ਅਤੇ ਫੌਜੀ ਕਾਰਵਾਈ ਨਾ ਰੁਕੀ ਤਾਂ ਉਹ ਪਾਬੰਦੀਆਂ ਸਮੇਤ ਠੋਸ ਕਾਰਵਾਈ ਕਰਨਗੇ। ਤਿੰਨਾਂ ਨੇ ਚੇਤਾਵਨੀ ਦਿੱਤੀ ਕਿ ਸਹਾਇਤਾ ਰੋਕਣਾ ਕਾਨੂੰਨ ਦੀ ਉਲੰਘਣਾ ਹੈ।

9.3 ਲੱਖ ਬੱਚਿਆਂ 'ਤੇ ਸੰਕਟ, 48 ਘੰਟਿਆਂ 'ਚ 14 ਹਜ਼ਾਰ ਨਵਜੰਮੇ ਬੱਚਿਆਂ ਦੀ ਮੌਤ ਦਾ ਖਤਰਾ

ਸੰਯੁਕਤ ਰਾਸ਼ਟਰ ਦੇ ਅਨੁਸਾਰ ਗਾਜ਼ਾ ਦੇ 9.3 ਮਿਲੀਅਨ ਬੱਚੇ (93%) ਭੁੱਖਮਰੀ ਦੇ ਖ਼ਤਰੇ ਵਿੱਚ ਹਨ। ਹੁਣ ਤੱਕ 57 ਬੱਚਿਆਂ ਦੀ ਕੁਪੋਸ਼ਣ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਅੰਡਰ ਸੈਕਟਰੀ ਜਨਰਲ ਟੌਮ ਫਲੇਚਰ ਨੇ ਕਿਹਾ ਕਿ ਜੇਕਰ ਮਨੁੱਖੀ ਸਹਾਇਤਾ ਤੁਰੰਤ ਨਾ ਪਹੁੰਚੀ ਤਾਂ ਅਗਲੇ 48 ਘੰਟਿਆਂ ਵਿੱਚ 14 ਹਜ਼ਾਰ ਨਵਜੰਮੇ ਬੱਚਿਆਂ ਦੀ ਮੌਤ ਹੋ ਸਕਦੀ ਹੈ। ਡਬਲਯੂ.ਐਚ.ਓ ਨੇ ਕਿਹਾ ਕਿ ਉਨ੍ਹਾਂ ਕੋਲ 500 ਬੱਚਿਆਂ ਦੇ ਇਲਾਜ ਲਈ ਲੋੜੀਂਦੀ ਸਮੱਗਰੀ ਬਚੀ ਹੈ।

ਇਜ਼ਰਾਈਲ ਦੇ ਸਾਬਕਾ ਜਨਰਲ ਅਤੇ ਵਿਰੋਧੀ ਧਿਰ ਦੇ ਨੇਤਾ ਯੇਅਰ ਗੋਲਾਨ ਨੇ ਗਾਜ਼ਾ ਯੁੱਧ ਵਿੱਚ ਨਾਗਰਿਕਾਂ, ਖਾਸ ਕਰਕੇ ਬੱਚਿਆਂ ਦੇ ਮਾਰੇ ਜਾਣ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੱਭਿਅਕ ਦੇਸ਼ ਨੂੰ ਬੱਚਿਆਂ ਨੂੰ ਮਾਰਨ ਦਾ ਸ਼ੌਕ ਨਹੀਂ ਹੈ ਅਤੇ ਨਾ ਹੀ ਇਸ ਦਾ ਮਕਸਦ ਲੋਕਾਂ ਨੂੰ ਉਜਾੜਨਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਆਪਣੀਆਂ ਜੰਗੀ ਨੀਤੀਆਂ ਕਾਰਨ ਕੌਮਾਂਤਰੀ ਪੱਧਰ 'ਤੇ ਅਲੱਗ-ਥਲੱਗ ਹੁੰਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇਤਨਯਾਹੂ ਨੇ ਬਿਆਨ ਨੂੰ ਸੈਨਾ ਵਿਰੋਧੀ ਅਤੇ ਯਹੂਦੀ ਵਿਰੋਧੀ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News