ਇੰਡੋਨੇਸ਼ੀਆ ''ਚ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋਈ, 27 ਅਜੇ ਵੀ ਲਾਪਤਾ
Monday, Dec 06, 2021 - 04:26 PM (IST)
ਸੁੰਬਰਵੁੱਲੁਹ/ਇੰਡੋਨੇਸ਼ੀਆ (ਭਾਸ਼ਾ)- ਇੰਡੋਨੇਸ਼ੀਆ ਦੇ ਸੰਘਣੀ ਆਬਾਦੀ ਵਾਲੇ ਜਾਵਾ ਟਾਪੂ 'ਤੇ ਸੋਮਵਾਰ ਨੂੰ ਜਵਾਲਾਮੁਖੀ ਫਟਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15 ਹੋ ਗਈ, ਜਦਕਿ 27 ਅਜੇ ਵੀ ਲਾਪਤਾ ਹਨ। ਬਚਾਅ ਕਰਮਚਾਰੀਆਂ ਨੂੰ ਸੋਮਵਾਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਸੁੰਬਰਵੁੱਲੁਹ ਵਿਚ ਇਕ 13 ਸਾਲਾ ਬੱਚੇ ਦੀ ਲਾਸ਼ ਮਿਲੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਗਈ। ਪੂਰਬੀ ਜਾਵਾ ਸੂਬੇ ਦੇ ਲੁਮਾਗੰਜ ਜ਼ਿਲੇ ਦੇ ਸੇਮੇਰੂ ਪਰਬਤ 'ਤੇ ਜਵਾਲਾਮੁਖੀ ਫਟਣ ਨਾਲ ਅਸਮਾਨ ਵਿਚ 40,000 ਫੁੱਟ ਦੀ ਉਚਾਈ 'ਤੇ ਸੁਆਹ ਆ ਗੁਬਾਰ ਛਾਅ ਗਿਆ ਅਤੇ ਲਾਵਾ ਵਹਿੰਦਾ ਹੋਇਆ ਹੇਠਲੇ ਸਥਾਨਾਂ ਤੱਕ ਆ ਗਿਆ ਸੀ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਏਜੰਸੀ ਦੇ ਬੁਲਾਰੇ ਅਬਦੁਲ ਮੁਹਰਿਕ ਨੇ ਦੱਸਿਆ ਕਿ 56 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਝੁਲਸ ਗਏ ਹਨ।
ਬਚਾਅ ਕਰਮਚਾਰੀ ਅਜੇ ਵੀ ਲਾਪਤਾ 27 ਪਿੰਡ ਵਾਸੀਆਂ ਦੀ ਭਾਲ ਕਰ ਰਹੇ ਹਨ। ਕਰੀਬ ਤਿੰਨ ਹਜ਼ਾਰ ਘਰਾਂ ਅਤੇ 38 ਸਕੂਲਾਂ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਸੁੰਬਰਵੁੱਲੁਹ ਤੋਂ 13 ਸਾਲਾ ਬੱਚੇ ਦੀ ਲਾਸ਼ ਮਿਲੀ ਹੈ, ਜਿੱਥੇ ਘਰ ਪੂਰੀ ਤਰ੍ਹਾਂ ਧੱਸ ਗਏ ਹਨ। ਐਤਵਾਰ ਦੁਪਹਿਰ ਨੂੰ ਖੋਜ ਅਤੇ ਬਚਾਅ ਦੇ ਯਤਨਾਂ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ, ਕਿਉਂਕਿ ਇਹ ਸ਼ੱਕ ਸੀ ਕਿ ਮੋਹਲੇਧਾਰ ਮੀਂਹ ਨਾਲ ਜਵਾਲਾਮੁਖੀ ਦੇ ਮੂੰਹ ਵਿਚੋਂ ਹੋਰ ਗਰਮ ਸੁਆਹ ਅਤੇ ਮਲਬਾ ਬਾਹਰ ਆ ਸਕਦਾ ਹੈ। ਸ਼ਨੀਵਾਰ ਨੂੰ ਜਵਾਲਾਮੁਖੀ ਦੇ ਫਟਣ ਤੋਂ ਬਾਅਦ, 1,700 ਤੋਂ ਵੱਧ ਪਿੰਡ ਵਾਸੀਆਂ ਨੇ ਅਸਥਾਈ ਐਮਰਜੈਂਸੀ ਸ਼ੈਲਟਰਾਂ ਵਿਚ ਸ਼ਰਨ ਲਈ, ਪਰ ਕਈ ਹੋਰਾਂ ਨੇ ਅਧਿਕਾਰਤ ਚੇਤਾਵਨੀਆਂ ਦੀ ਉਲੰਘਣਾ ਕੀਤੀ ਅਤੇ ਆਪਣੀ ਜਾਇਦਾਦ ਦੀ ਰੱਖਿਆ ਲਈ ਆਪਣੇ ਘਰਾਂ ਵਿਚ ਹੀ ਰਹੇ।