ਇੰਡੋਨੇਸ਼ੀਆ ਦੇ 'ਗਰੂੜ' ਨੇ ਬੋਇੰਗ 737 ਮੈਕਸ8 ਦੇ ਜਹਾਜ਼ਾਂ ਦਾ ਆਰਡਰ ਕੀਤਾ ਰੱਦ

03/22/2019 1:09:32 PM

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਦੀ ਰਾਸ਼ਟਰੀ ਹਵਾਬਾਜ਼ੀ ਸੇਵਾ 'ਗਰੂੜ' ਨੇ ਬੋਇੰਗ 737 ਮੈਕਸ 8 ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਦੀਆਂ ਦੋ ਘਟਨਾਵਾਂ ਦੇ ਮੱਦੇਨਜ਼ਰ ਇਸ ਮਾਡਲ ਦੇ 49 ਜਹਾਜ਼ਾਂ ਦਾ ਕਈ ਅਰਬ ਡਾਲਰ ਦਾ ਆਰਡਰ ਰੱਦ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਮਾਡਲ ਦਾ ਆਰਡਰ ਪਹਿਲੀ ਵਾਰ ਰਸਮੀ ਰੂਪ ਵਿਚ ਰੱਦ ਹੋਇਆ ਹੈ। 

ਗਰੂੜ ਦੇ ਬੁਲਾਰੇ ਇਖਸਨ ਰੋਸਨ ਨੇ ਕਿਹਾ,''ਅਸੀਂ ਬੋਇੰਗ ਨੂੰ ਚਿੱਠੀ ਲਿਖ ਕੇ ਆਰਡਰ ਰੱਦ ਕਰਨ ਦੀ ਅਪੀਲ ਕੀਤੀ ਹੈ।'' ਉਨ੍ਹਾਂ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਇੰਡੋਨੇਸ਼ੀਆ ਵਿਚ ਗਰੂੜ ਦੇ ਯਾਤਰੀਆਂ ਦਾ ਜਹਾਜ਼ ਤੋਂ ਭਰੋਸਾ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਇਸ 'ਤੇ ਵਿਸ਼ਵਾਸ ਨਹੀਂ ਹੈ। ਗਰੂੜ ਬੋਇੰਗ ਦੇ ਜਵਾਬ ਦਾ ਇੰਤਜ਼ਾਰ ਕਰ ਰਿਹਾ ਹੈ। ਇਖਸਨ ਨੇ ਦੱਸਿਆ ਕਿ ਗਰੂੜ ਨੂੰ 737 ਮੈਕਸ 8 ਮਾਡਲ ਦਾ ਇਕ ਜਹਾਜ਼ ਪਹਿਲਾਂ ਹੀ ਮਿਲ ਚੁੱਕਾ ਹੈ। ਬੋਇੰਗ ਨੂੰ 50 ਜਹਾਜ਼ਾਂ ਦਾ 4.9 ਅਰਬ ਡਾਲਰ ਦਾ ਆਰਡਰ ਦਿੱਤਾ ਗਿਆ ਸੀ। 

ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਗਰੂੜ ਬੋਇੰਗ ਤੋਂ ਇਸ ਬਾਰੇ ਵਿਚ ਗੱਲ ਕਰ ਰਿਹਾ ਹੈ ਕਿ ਪਹਿਲਾਂ ਮਿਲ ਚੁੱਕੇ ਜਹਾਜ਼ ਨੂੰ ਵਾਪਸ ਕਰਨਾ ਹੈ ਜਾਂ ਨਹੀਂ। ਇਸ ਮਾਡਲ ਦਾ ਨੈਰੋਬੀ ਜਾ ਰਿਹਾ ਜਹਾਜ਼ ਬੀਤੇ ਮਹੀਨੇ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਇਸ ਵਿਚ ਸਵਾਰ ਸਾਰੇ 157 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਕੁਝ ਹੀ ਦਿਨ ਪਹਿਲਾਂ ਇਸੇ ਮਾਡਲ ਦਾ ਇਕ ਹੋਰ ਜਹਾਜ਼ ਅਕਤੂਬਰ ਵਿਚ ਇੰਡੋਨੇਸ਼ੀਆ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਜਹਾਜ਼ ਵਿਚ ਸਵਾਰ ਸਾਰੇ 189 ਲੋਕਾਂ ਦੀ ਮੌਤ ਹੋ ਗਈ ਸੀ।


Vandana

Content Editor

Related News