ਇੰਡੋਨੇਸ਼ੀਆ 'ਚ ਜ਼ਮੀਨ ਖਿਸਕਣ ਤੇ ਹੜ੍ਹ ਨਾਲ 23 ਲੋਕਾਂ ਦੀ ਮੌਤ
Sunday, Apr 04, 2021 - 05:01 PM (IST)
ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿਚ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਇਸ ਦੇ ਨਾਲ ਹੀ ਆਏ ਹੜ੍ਹ ਵਿਚ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੇ ਗਏ ਹਨ। ਰਾਸ਼ਟਰੀ ਆਫ਼ਤ ਨਿਊਨੀਕਰਨ ਏਜੰਸੀ ਦੇ ਬੁਲਾਰੇ ਰਾਦਿਤਯ ਜਾਤੀ ਨੇ ਦੱਸਿਆ ਕਿ ਪੂਰਬੀ ਨੂਸਾ ਤੇਂਗਰਾ ਸੂਬੇ ਦੇ ਫਲੋਰੇਸ ਟਾਪੂ ਦੇ ਲਮਨੇਲੇ ਪਿੰਡ ਦੇ ਕਰੀਬ 50 ਘਰਾਂ 'ਤੇ ਅੱਧੀ ਰਾਤ ਦੇ ਬਾਅਦ ਨੇੜਲੀਆਂ ਪਹਾੜੀਆਂ ਤੋਂ ਭਾਰੀ ਮਾਤਰਾ ਵਿਚ ਮਿੱਟੀ ਡਿੱਗਣ ਲੱਗੀ। ਉਹਨਾਂ ਨੇ ਦੱਸਿਆ ਕਿ ਬਚਾਅ ਕਰਤਾਵਾਂ ਨੇ 20 ਲਾਸ਼ਾਂ ਅਤੇ 9 ਜ਼ਖਮੀਆਂ ਨੂੰ ਕੱਢਿਆ ਹੈ।
ਓਯਾਂਗ ਬਯਾਂਘ ਪਿੰਡ ਵਿਚ ਹੜ੍ਹ ਦੇ ਪਾਣੀ ਵਿਚ ਰੁੜ੍ਹ ਗਏ ਤਿੰਨ ਹੋਰ ਲੋਕਾਂ ਦੀਆਂ ਲਾਸ਼ਾਂ ਮਿਲੀਆ ਹਨ। ਜਾਤੀ ਨੇ ਦੱਸਿਆ ਕਿ ਵੈਬੁਰਾਕ ਨਾਮ ਦੇ ਹੋਰ ਪਿੰਡ ਵਿਚ ਰਾਤ ਵੇਲੇ ਭਾਰੀ ਮੀਂਹ ਪੈਣ ਦੇ ਬਾਅਦ ਹੜ੍ਹ ਆਉਣ ਨਾਲ ਚਾਰ ਲੋਕ ਜ਼ਖਮੀ ਹੋ ਗਏ ਅਤੇ ਦੋ ਹੋਰ ਲਾਪਤਾ ਹੋ ਗਏ। ਹੜ੍ਹ ਦਾ ਪਾਣੀ ਪੂਰਬੀ ਫਲੋਰੇਸ ਜ਼ਿਲ੍ਹੇ ਦੇ ਵੱਡੇ ਹਿੱਸੇ ਵਿਚ ਦਾਖਲ ਹੋ ਗਿਆ ਹੈ, ਜਿਸ ਨਾਲ ਸੈਂਕੜੇ ਘਰ ਪਾਣੀ ਵਿਚ ਡੁੱਬ ਗਏ ਹਨ ਅਤੇ ਕੁਝ ਘਰ ਤਾਂ ਰੁੜ੍ਹ ਗਏ ਹਨ।
ਪੜ੍ਹੋ ਇਹ ਅਹਿਮ ਖਬਰ - ਜਾਰਡਨ : ਸਾਬਕਾ ਕ੍ਰਾਊਨ ਪ੍ਰਿੰਸ ਹਮਜ਼ਾ ਘਰ 'ਚ ਨਜ਼ਰਬੰਦ, ਫੋਨ ਤੇ ਇੰਟਰਨੈੱਟ ਵੀ ਬੰਦ
ਉਹਨਾਂ ਨੇ ਦੱਸਿਆ ਕਿ ਸੈਂਕੜੇ ਲੋਕ ਬਚਾਅ ਮੁਹਿੰਮ ਵਿਚ ਲੱਗੇ ਹੋਏ ਹਨ ਪਰ ਬਿਜਲੀ ਸਪਲਾਈ ਠੱਪ ਹੋਣ, ਸੜਕਾਂ ਦੇ ਪਾਣੀ ਵਿਚ ਡੁੱਬਣ ਅਤੇ ਦੂਰ ਦੂਰਾਡੇ ਦੇ ਇਲਾਕੇ ਹੋਣ ਕਾਰਨ ਸਹਾਇਤਾ ਅਤੇ ਰਾਹਤ ਪਹੁੰਚਾਉਣ ਵਿਚ ਮੁਸ਼ਕਲ ਹੋ ਰਹੀ ਹੈ। ਏਜੰਸੀ ਵੱਲੋਂ ਜਾਰੀ ਤਸਵੀਰਾਂ ਵਿਚ ਦਿਸ ਰਿਹਾ ਹੈ ਕਿ ਬਚਾਅਕਰਤਾ, ਪੁਲਸ ਅਤੇ ਮਿਲਟਰੀ ਕਰਮੀ ਲੋਕਾਂ ਨੂੰ ਆਸਰਾ ਘਰਾਂ ਵੱਲ ਲਿਜਾ ਰਹੇ ਹਨ ਜਦਕਿ ਸੜਕਾਂ 'ਤੇ ਮਲਬਾ ਪਿਆ ਹੋਇਆ ਹੈ। ਜਾਤੀ ਨੇ ਦੱਸਿਆ ਕਿ ਗੁਆਂਢੀ ਸੂਬੇ ਪੱਛਮੀ ਨੂਸਾ ਤੇਂਗਰਾ ਦੇ ਬੀਮਾ ਸ਼ਹਿਰ ਵਿਚ ਵੀ ਭਿਆਨਕ ਹੜ੍ਹ ਦੀ ਰਿਪੋਰਟ ਮਿਲੀ ਹੈ, ਜਿਸ ਕਾਰਨ ਕਰੀਬ 10 ਹਜ਼ਾਰ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣਾ ਪਿਆ ਹੈ।