ਇੰਡੋਨੇਸ਼ੀਆ ਦੇ ਜਵਾਲਾਮੁਖੀ ''ਚ ਕਦੇ ਵੀ ਹੋ ਸਕਦੈ ਧਮਾਕਾ, ਚਿਤਾਵਨੀ ਜਾਰੀ
Friday, Sep 13, 2019 - 04:29 PM (IST)

ਜਕਾਰਤਾ— ਕੇਂਦਰੀ ਇੰਡੋਨੇਸ਼ੀਆ 'ਚ ਕਰਨਜੇਤਾਨ ਜਵਾਲਾਮੁਖੀ ਦੇ ਨੇੜੇ ਰਹਿਣ ਵਾਲੇ ਦਰਜਨਾਂ ਲੋਕਾਂ ਨੂੰ ਜਵਾਲਾਮੁਖੀ ਤੋਂ ਦੂਰ ਜਾਣ ਲਈ ਕਿਹਾ ਗਿਆ ਹੈ, ਕਿਉਂਕਿ ਜਵਾਲਾਮੁਖੀ 'ਚੋਂ ਵੀਰਵਾਰ ਤੋਂ ਹੀ ਸੁਆਹ ਨਿਕਲ ਰਹੀ ਹੈ ਤੇ ਇਸ ਦੇ ਕਿਸੇ ਵੀ ਵੇਲੇ ਫਟਣ ਦਾ ਖਦਸ਼ਾ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ।
ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਆਗੁਸ ਵਿਬੋਵੋ ਨੇ ਪੱਤਰਕਾਰ ਏਜੰਸੀ ਸਿਨਹੂਆ ਨੂੰ ਦੱਸਿਆ ਕਿ“ਸੀਤਾਰੋ ਜ਼ਿਲੇ ਦੇ ਵਿੰਗਾਂਗਨ ਪਿੰਡ ਦੇ ਲੋਕਾਂ ਨੂੰ ਕਰਨਜੇਤਾਨ ਜਵਾਲਾਮੁਖੀ ਦੇ ਫਟਣ ਦੇ ਖਦਸ਼ੇ ਤੋਂ ਬਾਅਦ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਕਰਨਜੇਤਾਨ ਜਵਾਲਾਮੁਖੀ ਉੱਤਰੀ ਸੁਲਾਵੇਸੀ ਸੂਬੇ ਦੇ ਸਿਤਾਰੋ ਜ਼ਿਲੇ 'ਚ ਸਥਿਤ ਹੈ। ਬੁਲਾਰੇ ਨੇ ਦੱਸਿਆ ਕਿ ਘਰੋ ਬੇਘਰ ਲੋਕਾਂ ਨੂੰ ਇਕ ਚਰਚ 'ਚ ਪਨਾਹ ਦਿੱਤੀ ਗਈ ਹੈ। ਜਵਾਲਾਮੁਖੀ ਵਿਗਿਆਨ ਏਜੰਸੀ ਨੇ ਇਕ ਬਿਆਨ 'ਚ ਕਿਹਾ ਹੈ ਕਿ ਮਾਊਂਟ ਕਰਨਜੇਤਾਨ 'ਚ ਦੂਜਾ ਸਭ ਤੋਂ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਜਵਾਲਾਮੁਖੀ ਦੇ 4 ਕਿਲੋਮੀਟਰ ਦਾਇਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਜਵਾਲਾਮੁਖੀ ਦੀ ਸੁਆਹ ਸ਼ੁੱਕਰਵਾਰ ਨੂੰ ਬਹੁਤ ਤੇਜ਼ੀ ਨਾਲ ਨਿਕਲਣਾ ਸ਼ੁਰੂ ਹੋ ਗਈ ਸੀ। ਵਿਭਾਗ ਨੇ ਆਮ ਲੋਕਾਂ ਨੂੰ ਸੁਆਹ ਤੋਂ ਬਚਣ ਲਈ ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਵਿਭਾਗ ਦੀ ਚਿਤਾਵਨੀ 'ਚ ਇਹ ਵੀ ਕਿਹਾ ਗਿਆ ਹੈ ਕਿ ਜਵਾਲਾਮੁਖੀ ਫਟਣ ਦੀ ਸਥਿਤੀ 'ਚ ਲਾਵਾ ਤੇਜ਼ੀ ਨਾਲ ਫੈਲ ਸਕਦਾ ਹੈ। ਕਰਨਜੇਤਾਨ ਜਵਾਲਾਮੁਖੀ, ਜੋ ਕਿ ਇੰਡੋਨੇਸ਼ੀਆ ਦੇ 129 ਸਰਗਰਮ ਜਵਾਲਾਮੁਖੀਆਂ 'ਚੋਂ ਇਕ ਹੈ, 25 ਨਵੰਬਰ 2018 ਤੋਂ ਹੀ ਫਟਣ ਦੇ ਪੜਾਅ 'ਚ ਦਾਖਲ ਹੋ ਗਿਆ ਸੀ।