ਇੰਡੋਨੇਸ਼ੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀ ''ਮਾਊਂਟ ਮੇਰਾਪੀ'' ''ਚ ਧਮਾਕਾ, ਚਿਤਾਵਨੀ ਜਾਰੀ (ਤਸਵੀਰਾਂ)
Tuesday, Mar 03, 2020 - 03:09 PM (IST)
ਜਕਾਰਤਾ- ਇੰਡੋਨੇਸ਼ੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀਆਂ ਵਿਚੋਂ ਇਕ ਮਾਊਂਟ ਮੇਰਾਪੀ ਵਿਚ ਮੰਗਲਵਾਰ ਨੂੰ ਧਮਾਕਾ ਹੋਣ ਦੇ ਕਾਰਨ ਰਾਖ ਦੇ ਗੁਬਾਰ 6 ਕਿਲੋਮੀਟਰ ਦੀ ਉਚਾਈ ਤੱਕ ਦੇਖੇ ਗਏ, ਜਿਹਨਾਂ ਕਾਰਨ ਹਵਾਈ ਸੇਵਾਂ ਵਿਚ ਰੁਕਾਵਟ ਪੈਣ ਦਾ ਖਦਸ਼ਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਪ੍ਰਭਾਵਿਤ ਇਲਾਕੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਇੰਡੋਨੇਸ਼ੀਆ ਰਿਸਰਚ ਐਂਡ ਟੈਕਨਾਲੋਜੀ ਡਿਵਲਪਮੈਂਟ ਫਾਰ ਜਿਓਲਾਜਿਕਲ ਡਿਜ਼ਾਸਟਰ ਏਜੰਸੀ ਦੇ ਮੁਖੀ ਹਨੀਕ ਹੁਮੈਦਾ ਨੇ ਦੱਸਿਆ ਕਿ ਮਾਊਂਟ ਮੇਰਾਪੀ ਦਾ ਧਮਾਕਾ ਕ੍ਰੇਟਰ ਤੋਂ ਦੋ ਕਿਲੋਮੀਟਰ ਦੂਰ ਹੋਇਆ। ਜਵਾਲਾਮੁਖੀ ਵਿਚੋਂ ਖਤਰਨਾਕ ਗੈਸਾਂ ਤੇ ਗਰਮ ਹਵਾਵਾਂ ਦਾ ਗੁਬਾਰ ਨਿਕਲਿਆ।
ਹੁਮੈਦਾ ਨੇ ਕਿਹਾ ਕਿ ਜਵਾਲਾਮੁਖੀ ਤੋਂ ਨਿਕਲੀ ਰੇਤ ਤੇ ਰਾਖ ਤਿੰਨ ਕਿਲੋਮੀਟਰ ਦੂਰ ਪਿੰਡਾਂ ਤੱਕ ਫੈਲ ਗਈ। ਉਹਨਾਂ ਨੇ ਕਿਹਾ ਕਿ ਇਹ ਰਾਖ ਉਤਰੀ ਇਲਾਕਿਆਂ ਵਿਚ ਕ੍ਰੇਟਰ ਤੋਂ 10 ਕਿਲੋਮੀਟਰ ਦੂਰ ਤੱਕ ਡਿੱਗਦੀ ਰਹੀ। ਅਧਿਕਾਰੀ ਮੁਤਾਬਕ ਜਵਾਲਾਮੁਖੀ ਦੇ ਨੇੜੇ ਜਹਾਜ਼ਾਂ ਨੂੰ ਉਡਾਣ ਭਰਨ ਤੋਂ ਰੋਕਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਥਾਨਕ ਲੋਕਾਂ ਤੋਂ ਮਾਊਂਟ ਮੇਰਾਪੀ ਦੇ ਤਿੰਨ ਕਿਲੋਮੀਟਰ ਦੇ ਦਾਇਰੇ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੇ 129 ਸਰਗਰਮ ਜਵਾਲਾਮੁਖੀਆਂ ਵਿਚੋਂ ਇਕ 2.930 ਕਿਲੋਮੀਟਰ ਉੱਚੇ ਮਾਊਂਟ ਮੇਰਾਪੀ ਵਿਚ ਸਮੇਂ-ਸਮੇਂ 'ਤੇ ਧਮਾਕੇ ਹੁੰਦੇ ਰਹੇ ਹਨ। ਅਕਤੂਬਰ ਤੇ ਨਵੰਬਰ 2010 ਵਿਚ ਇਸ ਦੇ ਫਟਣ ਕਾਰਨ 353 ਲੋਕਾਂ ਦੀ ਜਾਨ ਗਈ ਸੀ ਤੇ 3.5 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਸੁਰੱਖਿਅਤ ਸਥਾਨਾਂ 'ਤੇ ਸ਼ਰਣ ਲੈਣੀ ਪਈ ਸੀ।