ਇੰਡੋਨੇਸ਼ੀਆ : ਖੱਡ ''ਚ ਡਿੱਗੀ ਬੱਸ, 27 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ

Thursday, Mar 11, 2021 - 06:03 PM (IST)

ਇੰਡੋਨੇਸ਼ੀਆ : ਖੱਡ ''ਚ ਡਿੱਗੀ ਬੱਸ, 27 ਸ਼ਰਧਾਲੂਆਂ ਦੀ ਮੌਤ ਤੇ ਕਈ ਜ਼ਖਮੀ

ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਜਾਵਾ ਟਾਪੂ ਵਿਚ ਸੈਲਾਨੀਆਂ ਦੀ ਇਕ ਬੱਸ ਖੱਡ ਵਿਚ ਡਿੱਗ ਪਈ।ਇਸ ਹਾਦਸੇ ਵਿਚ ਬੱਸ ਵਿਚ ਸਵਾਰ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ 39 ਹੋਰ ਜ਼ਖਮੀ ਹੋ ਗਏ। ਪੁਲਸ ਅਤੇ ਬਚਾਅ ਕਰਤਾਵਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।ਸਥਾਨਕ ਪੁਲਸ ਪ੍ਰਮੁੱਖ ਏਕੋ ਪ੍ਰਾਸੇਤਓ ਰੋਬਿਯਾਂਤੋ ਨੇ ਦੱਸਿਆ ਕਿ ਇਹ ਬੱਸ ਪੱਛਮੀ ਜਾਵਾ ਦੇ ਸੁਬਾਂਗ ਸ਼ਹਿਰ ਵਿਚ ਇਸਲਾਮੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਸਮੂਹ ਨੂੰ ਬੁੱਧਵਾਰ ਨੂੰ ਸੂਬੇ ਦੇ ਤਾਸਿਕਾਮਲਯ ਜ਼ਿਲ੍ਹੇ ਵਿਚ ਇਕ ਤੀਰਥ ਸਥਲ 'ਤੇ ਲੈਕੇ ਜਾ ਰਹੀ ਸੀ, ਉਦੋਂ ਇਹ ਹਾਦਸਾ ਵਾਪਰਿਆ। 

PunjabKesari

ਉਹਨਾਂ ਨੇ ਦੱਸਿਆ ਕਿ ਸੁਮੇਦਾਂਗ ਜ਼ਿਲ੍ਹੇ ਵਿਚ ਢਲਾਣ ਵਾਲੇ ਇਸ ਇਲਾਕੇ ਵਿਚ ਡਰਾਈਵਰ ਬੱਸ ਨੂੰ ਕੰਟਰੋਲ ਨਹੀਂ ਕਰ ਪਾਇਆ ਅਤੇ ਬੱਸ 20 ਮੀਟਰ ਡੂੰਘੀ ਖੱਡ ਵਿਚ ਡਿੱਗ ਪਈ। ਰੋਬਿਯਾਂਤੋ ਨੇ ਦੱਸਿਆ ਕਿ ਪੁਲਸ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ ਹਾਦਸੇ ਵਿਚ ਜਿਉਂਦੀ ਬਚੇ ਲੋਕਾਂ ਦਾ ਕਹਿਣਾ ਹੈਕਿ ਗੱਡੀ ਦੇ ਬ੍ਰੇਕ ਖਰਾਬ ਹੋ ਗਏ ਸਨ। ਵਾਂਦੁੰਗ ਤਲਾਸ਼ ਅਤੇ ਬਚਾਅ ਏਜੰਸੀ ਪ੍ਰਮੁੱਖ ਦੇਦੇਨ ਰਿਦਵਾਂਸਾਹ ਨੇ ਦੱਸਿਆ ਕਿ 27 ਮ੍ਰਿਤਕਾਂ ਦੀਆਂ ਲਾਸ਼ਾਂ ਅਤੇ 39 ਜ਼ਖਮੀਆਂ ਨੂੰ ਇਕ ਹਸਪਤਾਲ ਅਤੇ ਇਕ ਨੇੜਲੇ ਸਿਹਤ ਕੇਂਦਰ ਲਿਜਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਵਿਚ ਫਸੇ ਇਕ ਵਿਅਕਤੀ ਨੂੰ ਵੀਰਵਾਰ ਸਵੇਰੇ ਮਲਬੇ ਵਿਚੋਂ ਬਾਹਰ ਕੱਢਿਆ ਗਿਆ। 

PunjabKesari

ਰਿਦਵਾਂਸਾਹ ਨੇ ਦੱਸਿਆ ਕਿ 13 ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਮ੍ਰਿਤਕਾਂ ਵਿਚ ਬੱਸ ਡਰਾਈਵਰ ਵੀ ਸ਼ਾਮਲ ਹੈ।ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਵਿਚ ਸੁਰੱਖਿਆ ਦੇ ਖਰਾਬ ਮਾਪਦੰਡਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸੜਕ ਹਾਦਸੇ ਅਕਸਰ ਵਾਪਰਦੇ ਰਹਿੰਦੇ ਹਨ। ਸੁਮਾਤਰਾ ਟਾਪੂ ਵਿਚ ਦਸੰਬਰ 2019 ਵਿਚ ਇਕ ਯਾਤਰੀ ਬੱਸ ਦੇ 80 ਮੀਟਰ ਡੂੰਘੀ ਖੱਡ ਵਿਚ ਡਿੱਗ ਜਾਣ ਨਾਲ 35 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2018 ਵਿਚ ਪੱਛਮੀ ਜਾਵਾ ਵਿਚ ਬੱਸ ਦੇ ਪਹਾੜੀ ਤੋਂ ਡਿੱਗ ਜਾਣ ਕਾਰਨ 27 ਲੋਕਾਂ ਦੀ ਮੌਤ ਹੋ ਗਈ ਸੀ।

ਨੋਟ- ਇੰਡੋਨੇਸ਼ੀਆ ਵਿਚ ਬੱਸ ਹਾਦਸੇ ਵਿਚ 27 ਲੋਕਾਂ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News