ਬ੍ਰਿਸਬੇਨ ਵਿਖੇ 'ਅਦਬੀ ਕੌਂਸਲ ਆਫ਼ ਆਸਟ੍ਰੇਲੀਆ' ਵੱਲੋਂ ਇੰਡੋ-ਪਾਕਿ ਮੁਸ਼ਾਇਰਾ

Sunday, Apr 28, 2019 - 08:46 AM (IST)

ਬ੍ਰਿਸਬੇਨ ਵਿਖੇ 'ਅਦਬੀ ਕੌਂਸਲ ਆਫ਼ ਆਸਟ੍ਰੇਲੀਆ' ਵੱਲੋਂ ਇੰਡੋ-ਪਾਕਿ ਮੁਸ਼ਾਇਰਾ

ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੀ ਧਰਤੀ 'ਤੇ ਸਾਹਿਤਕ ਗਤੀਵਿਧੀਆਂ ਲਈ ਜਾਣੇ ਜਾਂਦੇ ਸ਼ਹਿਰ ਬ੍ਰਿਸਬੇਨ ਵਿਖੇ ਲਹਿੰਦੇ ਪੰਜਾਬ ਦੀ ਸਾਹਿਤਕ ਸੰਸਥਾ 'ਅਦਬੀ ਕੌਂਸਲ ਆਫ਼ ਆਸਟ੍ਰੇਲੀਆ' ਵੱਲੋਂ ਪਹਿਲਾ ਇੰਡੋ-ਪਾਕ ਮੁਸ਼ਾਇਰਾ ਕਰਵਾਇਆ ਗਿਆ । ਇਸ ਵਿੱਚ 120 ਦੇ ਕਰੀਬ ਸਾਹਿਤ ਸਨੇਹੀਆਂ ਅਤੇ ਸਾਹਿਤਕਾਰਾਂ ਨੇ ਹਿੱਸਾ ਲਿਆ । ਸਥਾਨਕ ਅਮਰੀਕਨ ਕਾਲਜ ਦੇ ਹਾਲ ਵਿੱਚ ਪੂਰੇ ਉਤਸ਼ਾਹ ਅਤੇ ਮੁਹੱਬਤ ਨਾਲ ਪਾਕਿਸਤਾਨੀ, ਭਾਰਤੀ ਅਤੇ ਹੋਰਨਾਂ ਦੇਸ਼ਾਂ ਤੋਂ ਆਏ ਭਾਰਤੀ ਮੂਲ ਦੇ ਸਾਹਿਤ ਪ੍ਰੇਮੀਆੰ ਦੀ ਹਾਜ਼ਰੀ ਵਿੱਚ ਹਿੰਦੀ, ਪੰਜਾਬੀ ਅਤੇ ਊਰਦੂ ਜ਼ਬਾਨ ਨਾਲ ਸੰਬੰਧਤ 20 ਦੇ ਕਰੀਬ ਸ਼ਾਇਰਾਂ ਅਤੇ ਸ਼ਾਇਰਾਵਾਂ ਨੇ ਸ਼ਿਰਕਤ ਕੀਤੀ। 
PunjabKesari

ਮੁਸ਼ਾਇਰੇ ਦੀ ਸ਼ੁਰੂਆਤ ਸਾਈਅਦ ਅਲੀ ਦੇ ਪ੍ਰਾਰਥਨਾ ਨਗਮੇ ਨਾਲ ਹੋਈ । ਸਵਾਗਤੀ ਭਾਸ਼ਣ ਵਿੱਚ ਅਮਰੀਕਨ ਕਾਲਜ ਦੇ ਡਾਇਰੈਕਟਰ ਡਾਕਟਰ ਬਰਨਾਰਡ ਮਲਿਕ ਨੇ ਇਸ ਬਹੁ-ਭਾਸ਼ਾਈ, ਬਹੁ-ਧਰਮੀ ਸਾਹਿਤ ਸੰਗਮ ਨੂੰ ਇਤਿਹਾਸਕ ਅਤੇ ਮਾਨਵਤਾ ਲਈ ਸਮੇਂ ਦੀ ਲੋੜ ਦੱਸਿਆ । ਡਾ. ਬਰਨਾਰਡ ਮਲਿਕ ਨੇ ਕਿਹਾ ਸਾਹਿਤ, ਸੰਗੀਤ ਅਤੇ ਕਲਾ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਦੀ ਪਹੁੰਚ ਪਹਿਲਾਂ ਵਾਂਗ ਹੀ ਪਹਿਲ ਦੇ ਆਧਾਰ 'ਤੇ ਰਹੇਗੀ । ਮੁਸ਼ਾਇਰੇ ਵਿੱਚ ਮੰਜੂ ਜੇਹੂ, ਸਾਈਅਦ ਅਲੀ, ਡਾ. ਬਸ਼ੀਰ, ਕਵਿਤਾ ਖੁੱਲਰ, ਫਰਹਾ ਅਮਰ, ਹਰਜੀਤ ਸੰਧੂ, ਹਰਕੀ ਵਿਰਕ, ਰਿੰਪਲ ਭੰਗੂ, ਆਤਮਾ ਹੇਅਰ, ਮੀਤ ਮਲਕੀਤ, ਸੁਰਜੀਤ ਸੰਧੂ, ਇਕਬਾਲ ਧਾਮੀ, ਹਰਮਨ ਗਿੱਲ, ਅਲੀ ਰਜ਼ਾ, ਹਾਫਿਜ਼ ਰਾਣਾ, ਖਾਲਿਦ ਭੱਟੀ, ਰੁਪਿੰਦਰ ਸੋਜ਼, ਅਬੂਬਕਰ, ਫੈਜ਼ਲ ਸਾਇਅਦ, ਗੁਰਪ੍ਰੀਤ ਬਠਿੰਡਾ, ਆਦਿ ਪ੍ਰਮੁੱਖ ਕਵੀਆਂ ਕਵਿੱਤਰੀਆਂ ਨੇ ਆਪਣਾ ਕਲਾਮ ਪੇਸ਼ ਕੀਤਾ ।
 

PunjabKesari

ਸਮਾਗਮ ਦੇ ਅੰਤਲੇ ਭਾਗ ਵਿੱਚ ਚੜ੍ਹਦੇ ਪੰਜਾਬ ਦੇ ਨੌਜਵਾਨ ਪ੍ਰਗਤੀਵਾਦੀ ਕਵੀ ਸਰਬਜੀਤ ਸੋਹੀ ਨੂੰ ਪਹਿਲਾ 'ਸਰ ਮੁਹੰਮਦ ਇਕਬਾਲ ਯਾਦਗਾਰੀ ਪੁਰਸਕਾਰ' ਨਾਲ ਨਿਵਾਜਿਆ ਗਿਆ । ਫਿਜ਼ੀ ਨਾਲ ਪਿਛੋਕੜ ਰੱਖਣ ਵਾਲੇ ਭਾਰਤੀ ਕਲਾਸੀਕਲ ਸੰਗੀਤਕਾਰ ਰਹੀਮ ਜ਼ੁਲਾਹ ਜੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ 'ਲਾਈਫ਼ ਟਾਈਮ ਅਚੀਵਮੈਂਟ ਐਵਾਰਡ' ਪ੍ਰਦਾਨ ਕੀਤਾ ਗਿਆ । ਯੁਵਾ ਐਂਕਰ ਕਵਿਤਾ ਖੁੱਲਰ ਨੇ ਅੰਗਰੇਜ਼ੀ ਭਾਸ਼ਾ ਵਿੱਚ ਦੋਵਾਂ ਸਨਮਾਨਿਤ ਸ਼ਖ਼ਸੀਅਤਾਂ ਬਾਰੇ ਸੰਖੇਪ ਪਰ ਪ੍ਰਭਾਵਸ਼ਾਲੀ ਤਰੀਕੇ ਨਾਲ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਨੀਰਜ ਖੰਨਾ, ਪ੍ਰੋ. ਜਗਦੀਸ਼ ਔਜਲਾ, ਰਘੁਬੀਰ ਸਿੰਘ ਸਰਾਏ ਸਰਪ੍ਰਸਤ ਵਿਰਸਾ ਗਰੁੱਪ , ਰਣਜੀਤ ਸਿੰਘ ਬਾਊ ਮਾਝਾ ਗਰੁੱਪ, ਜਗਦੀਪ ਸਿੰਘ ਗਿੱਲ, ਗੀਤਕਾਰ ਸੁਰਜੀਤ ਸੰਧੂ, ਇਕਬਾਲ ਸਿੰਘ ਪਾਲ ਰਾਊਕੇ, ਤਜਿੰਦਰ ਭੰਗੂ, ਇਪਸਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ, ਅਤਰ ਸ਼ਾਹ, ਅਲੀ ਕਾਦਰੀ ਆਦਿ ਪਤਵੰਤੇ ਸੱਜਨ ਹਾਜ਼ਰ ਸਨ । ਲੇਬਰ ਪਾਰਟੀ ਦੇ ਪ੍ਰਤੀਨਿਧ ਮਿਸਟਰ ਜੌਨ ਵਿਸ਼ੇਸ਼ ਮਹਿਮਾਨ ਸਨ । ਸਟੇਜ ਸੈਕਟਰੀ ਦੀ ਭੂਮਿਕਾ ਅਦਬੀ ਕੌਸਲ ਆਫ਼ ਆਸਟ੍ਰੇਲੀਆ ਦੇ ਜਨਰਲ ਸਕੱਤਰ ਸ਼ੋਇਬ ਜ਼ੈਦੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਨਿਭਾਈ । ਜ਼ਿਕਰਯੋਗ ਹੈ ਕਿ ਇਹ ਸਮਾਗਮ ਜਿੱਥੇ ਬਿਲਕੁਲ ਫਰੀ ਐਂਟਰੀ ਸੀ, ਉੱਥੇ ਅਦਬੀ ਕੌਂਸਲ ਵੱਲੋਂ ਸਰੋਤਿਆਂ ਅਤੇ ਸ਼ਾਇਰਾਂ ਨੂੰ ਦਿੱਤਾ ਗਿਆ ਮੁਫ਼ਤ ਰਾਤਰੀ ਭੋਜ ਵੀ ਸਲਾਹੁਣਯੋਗ ਸੀ ।


Related News