ਭਾਰਤ-ਪਾਕਿ ਵੱਲੋਂ ਸੰਬੰਧਾਂ ਨੂੰ ਆਮ ਬਣਾਉਣ ਦੀ ਕੋਸ਼ਿਸ਼, ਡਿਪਲੋਮੈਟਾਂ ਨੂੰ 28 ਮਹੀਨਿਆਂ ਬਾਅਦ ਜਾਰੀ ਕੀਤੇ ਵੀਜ਼ੇ

Tuesday, Aug 24, 2021 - 11:11 PM (IST)

ਭਾਰਤ-ਪਾਕਿ ਵੱਲੋਂ ਸੰਬੰਧਾਂ ਨੂੰ ਆਮ ਬਣਾਉਣ ਦੀ ਕੋਸ਼ਿਸ਼, ਡਿਪਲੋਮੈਟਾਂ ਨੂੰ 28 ਮਹੀਨਿਆਂ ਬਾਅਦ ਜਾਰੀ ਕੀਤੇ ਵੀਜ਼ੇ

ਇੰਟਰਨੈਸ਼ਨਲ ਡੈਸਕ : ਭਾਰਤ ਤੇ ਪਾਕਿਸਤਾਨ ਨੇ ਤਕਰੀਬਨ 28 ਮਹੀਨਿਆਂ ਬਾਅਦ ਸੰਬੰਧਾਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ’ਚ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਅਸਾਈਨਮੈਂਟ ਵੀਜ਼ੇ ਜਾਰੀ ਕੀਤੇ ਹਨ। ਭਾਰਤ ਤੇ ਪਾਕਿਸਤਾਨ ਨੇ ਹਾਲ ਹੀ ਦੇ ਹਫਤਿਆਂ ’ਚ 15 ਮਾਰਚ, 2021 ਤੱਕ ਦਾਇਰ ਸਾਰੀਆਂ ਅਰਜ਼ੀਆਂ ਉੱਤੇ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਵੀਜ਼ੇ ਜਾਰੀ ਕੀਤੇ ਹਨ। ਇਸ ਤਰ੍ਹਾਂ ਕੁਲ 7 ਪਾਕਿਸਤਾਨੀ ਡਿਪਲੋਮੈਟਾਂ ਨੂੰ ਭਾਰਤੀ ਵੀਜ਼ਾ ਅਤੇ 33 ਭਾਰਤੀ ਅਧਿਕਾਰੀਆਂ ਨੂੰ ਪਾਕਿਸਤਾਨੀ ਵੀਜ਼ਾ ਮਿਲ ਗਿਆ ਹੈ। ਦੋਵੇਂ ਦੇਸ਼ ਇੱਕ-ਦੂਜੇ ਦੇ ਡਿਪਲੋਮੈਟਾਂ ਨੂੰ ਅੱਗੇ ਅਸਾਈਨਮੈਂਟ ਵੀਜ਼ੇ ਜਾਰੀ ਕਰ ਸਕਦੇ ਹਨ। ਦੱਸ ਦੇਈਏ ਕਿ ਦੋਵੇਂ ਦੇਸ਼ ਡਿਪਲੋਮੈਟਾਂ ਅਤੇ ਦੂਤਘਰ ਦੇ ਕਰਮਚਾਰੀਆਂ ਨੂੰ ਅਸਾਈਨਮੈਂਟ ਵੀਜ਼ੇ ਜਾਰੀ ਕਰਦੇ ਹਨ। ਦੋਵਾਂ ਦੇਸ਼ਾਂ ਨੇ ਇਸ ਸਾਲ ਜਨਵਰੀ ’ਚ ਦੁਬਈ ’ਚ ਗੁਪਤ ਗੱਲਬਾਤ ਕੀਤੀ ਅਤੇ ਬੈਕ ਚੈਨਲ ਕੂਟਨੀਤੀ ਦੀ ਸ਼ੁਰੂਆਤ ਕੀਤੀ ਸੀ।

ਇਹ ਵੀ ਪੜ੍ਹੋ : ਲੀਬੀਆ ਨੇੜੇ ਪ੍ਰਵਾਸੀਆਂ ਦੀ ਕਿਸ਼ਤੀ ਪਲਟੀ, 17 ਲੋਕਾਂ ਦੇ ਮਰਨ ਦਾ ਖ਼ਦਸ਼ਾ

ਇਸ ਦਾ ਉਦੇਸ਼ ਅਗਲੇ ਕੁਝ ਮਹੀਨਿਆਂ ’ਚ ਸਬੰਧਾਂ ਨੂੰ ਆਮ ਬਣਾਉਣਾ ਸੀ। ਇਸ ਤੋਂ ਬਾਅਦ ਫਰਵਰੀ 2021 ’ਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਅਚਾਨਕ  ਸੀਜ਼ਫਾਇਰ ਦਾ ਐਲਾਨ ਕਰ ਦਿੱਤਾ। ਮਾਰਚ ’ਚ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਭਾਰਤ ਨੂੰ ਅਤੀਤ ਨੂੰ ਦੱਬਣ ਅਤੇ ਸਹਿਯੋਗ ਵੱਲ ਅੱਗੇ ਵਧਣ ਦਾ ਸੱਦਾ ਦਿੱਤਾ ਸੀ। ਵਾਸ਼ਿੰਗਟਨ ’ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਾਜਦੂਤ ਯੂਸੁਫ਼ ਅਲ ਓਤੈਬਾ ਨੇ ਅਪ੍ਰੈਲ ’ਚ ਸਟੈਨਫੋਰਡ ਯੂਨੀਵਰਸਿਟੀ ਦੇ ਹੂਵਰ ਇੰਸਟੀਚਿਊਸ਼ਨ ਨਾਲ ਇੱਕ ਵਰਚੂਅਲ ਚਰਚਾ ’ਚ ਕਿਹਾ ਸੀ ਕਿ ਯੂ. ਏ. ਈ. ਨੇ ਕਸ਼ਮੀਰ ’ਚ ਤਣਾਅ ਅਤੇ ਜੰਗਬੰਦੀ ਨੂੰ ਘਟਾਉਣ ’ਚ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਕੂਟਨੀਤਕ ਸਬੰਧ ਬਹਾਲ ਹੋ ਜਾਣਗੇ ਅਤੇ ਸਿਹਤਮੰਦ ਸਬੰਧ ਦੁਬਾਰਾ ਸਥਾਪਿਤ ਹੋ ਜਾਣਗੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਭਾਵੇਂ ਚੰਗੇ ਦੋਸਤ ਨਾ ਬਣਨ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਘੱਟੋ-ਘੱਟ ਇੱਕ-ਦੂਜੇ ਨਾਲ ਗੱਲ ਕਰਨ। ਜ਼ਿਕਰਯੋਗ ਹੈ ਕਿ 2019 ’ਚ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸਬੰਧ ਬਹੁਤ ਖਰਾਬ ਸਨ।


author

Manoj

Content Editor

Related News