ਭਾਰਤੀ ਵਿਅਕਤੀ ਨੇ ਦੁਬਈ ਏਅਰਪੋਰਟ ਤੋਂ ਚੋਰੀ ਕੀਤੇ '2 ਅੰਬ', ਚੱਲਿਆ ਮੁਕੱਦਮਾ

Friday, Sep 13, 2019 - 03:08 PM (IST)

ਭਾਰਤੀ ਵਿਅਕਤੀ ਨੇ ਦੁਬਈ ਏਅਰਪੋਰਟ ਤੋਂ ਚੋਰੀ ਕੀਤੇ '2 ਅੰਬ', ਚੱਲਿਆ ਮੁਕੱਦਮਾ

ਦੁਬਈ— ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕੰਮ ਕਰਦੇ ਇਕ ਭਾਰਤੀ ਵਿਅਕਤੀ 'ਤੇ ਇਕ ਯਾਤਰੀ ਦੇ ਸਾਮਾਨ 'ਚੋਂ ਦੋ ਅੰਬ ਚੋਰੀ ਕਰਨ ਦੇ ਦੋਸ਼ 'ਚ ਕੋਰਟ ਆਫ ਫਸਟ ਇੰਸਟੈਂਸ 'ਚ ਮੁੱਕਦਮਾ ਚੱਲਿਆ ਹੈ। ਇਸ ਭਾਰਤੀ 'ਤੇ ਸਾਲ 2017 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਦੋਸ਼ ਲਾਇਆ ਗਿਆ ਸੀ ਤੇ ਉਸ ਨੇ ਇਹ ਕਬੂਲ ਕੀਤਾ ਸੀ ਕਿ ਉਸ ਨੇ 6 ਦਿਰਹਮ ਦੇ ਮੁੱਲ ਦੇ ਅੰਬਾਂ ਨੂੰ ਭਾਰਤ ਜਾਣ ਵਾਲੇ ਇਕ ਜਹਾਜ਼ 'ਚੋਂ ਚੋਰੀ ਕੀਤਾ ਸੀ।

ਖਲੀਜ਼ ਟਾਈਮਜ਼ ਦੀ ਖਬਰ ਅਨੁਸਾਰ ਭਾਰਤੀ ਵਿਅਕਤੀ ਨੇ ਕਿਹਾ ਕਿ ਉਸ ਸਮੇਂ ਉਸ ਨੂੰ ਬਹੁਤ ਪਿਆਸ ਲੱਗੀ ਸੀ ਤੇ ਉਹ ਪਾਣੀ ਦੀ ਤਲਾਸ਼ ਕਰ ਰਿਹਾ ਸੀ। ਜਦੋਂ ਉਸ ਨੇ ਇਕ ਫਲਾਂ ਦਾ ਡੱਬਾ ਖੋਲ੍ਹਿਆ ਤਾਂ ਉਸ ਨੂੰ ਦੋ ਅੰਬ ਮਿਲੇ ਜੋ ਉਸ ਨੇ ਖਾ ਲਏ। ਅਪ੍ਰੈਲ 2018 'ਚ, ਪੁਲਸ ਨੇ ਉਸ ਨੂੰ ਤਲਬ ਕੀਤਾ ਤੇ ਉਸ ਤੋਂ ਇਸ ਘਟਨਾ ਬਾਰੇ ਪੁੱਛਗਿੱਛ ਕੀਤੀ। ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ 'ਤੇ ਫਲ ਚੋਰੀ ਕਰਨ ਦੇ ਦੋਸ਼ ਲਗਾਏ ਗਏ। ਰਿਕਾਰਡਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੇ ਅਗਸਤ 2017 'ਚ ਫਲ ਖਾਧਾ, ਪਰ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਸ ਮਾਮਲੇ ਨੂੰ 2019 'ਚ ਅਦਾਲਤ 'ਚ ਕਿਉਂ ਭੇਜਿਆ ਗਿਆ ਸੀ।

ਦੁਬਈ ਪਬਲਿਕ ਪ੍ਰੋਸੀਕਿਊਸ਼ਨ ਮੁਤਾਬਕ ਏਅਰਪੋਰਟ 'ਚ ਇਕ ਸੁਰੱਖਿਆ ਗਾਰਡ ਨਿਗਰਾਨੀ ਕੈਮਰਿਆਂ ਦੀ ਜਾਂਚ ਕਰ ਰਿਹਾ ਸੀ ਜਦੋਂ ਉਸ ਨੇ ਭਾਰਤੀ ਵਿਅਕਤੀ ਨੂੰ ਭਾਰਤ ਜਾਣ ਵਾਲੀ ਉਡਾਣ ਦੇ ਯਾਤਰੀਆਂ ਦੇ ਬੈਗ ਖੋਲ੍ਹਦੇ ਵੇਖਿਆ। ਜੇਕਰ ਭਾਰਤੀ ਵਿਅਕਤੀ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਜੇਲ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਚੋਰੀ ਕੀਤੇ ਅੰਬਾਂ ਦੀ ਕੀਮਤ ਦੇ ਨਾਲ ਉਸ ਨੂੰ ਜੁਰਮਾਨਾ ਵੀ ਲੱਗ ਸਕਦਾ ਹੈ। ਇਸ ਮੁਕੱਦਮੇ 'ਤੇ ਫੈਸਲਾ 23 ਸਤੰਬਰ ਨੂੰ ਆਉਣ ਦੀ ਉਮੀਦ ਹੈ।


author

Baljit Singh

Content Editor

Related News