ਕੈਨੇਡਾ 'ਚ ਭਾਰਤੀ ਉਬੇਰ ਡਰਾਈਵਰ 'ਤੇ ਹਮਲਾ, ਸ਼ੱਕੀ ਗ੍ਰਿਫ਼ਤਾਰ (ਵੀਡੀਓ)
Wednesday, May 03, 2023 - 09:54 AM (IST)
ਟੋਰਾਂਟੋ (ਏਜੰਸੀ)- ਕੈਨੇਡਾ ਵਿੱਚ ਗ਼ਲਤ ਮੋੜ ਲੈਣ 'ਤੇ ਇੱਕ ਭਾਰਤੀ ਡਰਾਈਵਰ ਨਾਲ ਜ਼ੁਬਾਨੀ ਦੁਰਵਿਵਹਾਰ ਅਤੇ ਹਮਲਾ ਕਰਨ ਦੇ ਮਾਮਲੇ ਵਿਚ ਪੁਲਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐਬਟਸਫੋਰਡ ਪੁਲਸ ਨੇ ਕਿਹਾ ਕਿ ਅਮਨ ਸੂਦ, ਜੋ ਕਿ 2019 ਵਿੱਚ ਕੈਨੇਡਾ ਆਇਆ ਸੀ, ਸ਼ੱਕੀ ਦੀਆਂ ਹਿੰਸਕ ਕਾਰਵਾਈਆਂ ਕਾਰਨ ਜ਼ਖ਼ਮੀ ਅਤੇ ਸਦਮੇ ਵਿਚ ਹੈ। ਪੁਲਸ ਨੇ ਕਿਹਾ ਕਿ 18 ਅਪ੍ਰੈਲ ਨੂੰ ਸਵੇਰੇ 6:47 ਵਜੇ (ਸਥਾਨਕ ਸਮੇਂ ਅਨੁਸਾਰ), ਗਸ਼ਤ ਅਧਿਕਾਰੀਆਂ ਨੂੰ ਮੈਕਲਮ ਰੋਡ 'ਤੇ ਇੱਕ ਉਬੇਰ ਡਰਾਈਵਰ 'ਤੇ ਹਮਲੇ ਦੀ ਸੂਚਨਾ ਮਿਲੀ ਸੀ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸ਼ੱਕੀ ਮੌਕੇ ਤੋਂ ਭੱਜ ਗਿਆ ਸੀ। ਇੱਕ ਡੈਸ਼ਕੈਮ ਵੀਡੀਓ ਵਿਚ ਕੈਦ ਹੋਈ ਇਸ ਘਟਨਾ ਵਿਚ ਯਾਤਰੀ ਨੇ ਗ਼ਲਤ ਮੋੜ ਲੈਣ ਤੋਂ ਬਾਅਦ ਸੂਦ ਨੂੰ ਜ਼ੁਬਾਨੀ ਗਾਲ੍ਹਾਂ ਕੱਢੀਆਂ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਲਾੜੀ ਵਿਆਹੁਣ ਗਿਆ ਭਾਰਤੀ ਮੁੰਡਾ, ਸੋਸ਼ਲ ਮੀਡੀਆ ਰਾਹੀਂ ਹੋਇਆ ਸੀ 'Love'
ਡੇਲੀ ਹਾਈਵ ਨਿਊਜ਼ ਅਨੁਸਾਰ, ਸੂਦ ਨੇ ਰੂਟ ਬਦਲਣ ਦੀ ਪੇਸ਼ਕਸ਼ ਕੀਤੀ, ਪਰ ਯਾਤਰੀ ਨੇ ਕਿਹਾ ਕਿ ਬਹੁਤ ਦੇਰ ਹੋ ਗਈ ਹੈ ਅਤੇ ਉਹ "f****** ਉਬੇਰ ਡਰਾਈਵਰ ਨਾਲ ਗੱਲ ਨਹੀਂ ਕਰਨਾ ਚਾਹੁੰਦਾ।" ਵੀਡੀਓ ਵਿਚ ਕੈਦ ਹੋਈ ਘਟਨਾ ਮੁਤਾਬਕ ਇਸ ਮਗਰੋਂ ਸੂਦ ਨੇ ਕਾਰ ਰੋਕੀ ਅਤੇ ਉਸ ਵਿਅਕਤੀ ਨੂੰ ਜਾਣ ਲਈ ਕਿਹਾ, ਕਿਉਂਕਿ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਸੀ। ਇਸ 'ਤੇ ਯਾਤਰੀ ਚੀਕਿਆਂ ਅਤੇ ਸੂਦ ਦੇ ਸਿਰ ਵਿੱਚ ਮੁੱਕਾ ਮਾਰ ਦਿੱਤਾ। ਝਗੜੇ ਤੋਂ ਬਾਅਦ ਦੋਵੇਂ ਧਿਰਾਂ ਵਾਹਨ ਤੋਂ ਬਾਹਰ ਨਿਕਲੀਆਂ ਅਤੇ ਵੀਡੀਓ ਕੱਟਣ ਤੋਂ ਪਹਿਲਾਂ ਯਾਤਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ, "ਮੈਂ ਤੈਨੂੰ ਮਾਰ ਦਿਆਂਗਾ"। ਸੂਦ ਦੀਆਂ ਸੱਟਾਂ ਵਿੱਚ ਉਸਦੀ ਗਰਦਨ ਅਤੇ ਮੋਢਿਆਂ ਵਿੱਚ ਨਸਾਂ ਨੂੰ ਨੁਕਸਾਨ ਅਤੇ ਇੱਕ ਗੁੱਟ ਵਿਚ ਮੋਚ ਸ਼ਾਮਲ ਹੈ। 27 ਅਪ੍ਰੈਲ ਨੂੰ ਸ਼ਾਮ 7 ਵਜੇ ਪੁਲਸ ਅਧਿਕਾਰੀਆਂ ਨੇ 38 ਸਾਲਾ ਵਿਲੀਅਮ ਟਿੱਕਲ ਨੂੰ ਲੱਭ ਲਿਆ ਅਤੇ ਗ੍ਰਿਫ਼ਤਾਰ ਕਰ ਲਿਆ।
ਐਬਟਸਫੋਰਡ ਪੁਲਸ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਪ੍ਰੌਸੀਕਿਊਸ਼ਨ ਸਰਵਿਸ ਨੇ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਐਬਟਸਫੋਰਡ ਪੁਲਸ ਵਿਭਾਗ ਦੇ ਇੰਸਪੈਕਟਰ ਕੇਵਿਨ ਮਰੇ ਨੇ ਕਿਹਾ ਕਿ ਐਬਟਸਫੋਰਡ ਬੇਤਰਤੀਬੇ ਹਿੰਸਕ ਹਮਲਿਆਂ ਤੋਂ ਮੁਕਤ ਨਹੀਂ ਹੈ। ਹਾਲਾਂਕਿ, ਮਿਸਟਰ ਸੂਦ ਅਤੇ ਉਬੇਰ ਦੇ ਸਮੇਂ ਸਿਰ ਅਤੇ ਪੂਰੇ ਸਹਿਯੋਗ ਲਈ ਧੰਨਵਾਦ, ਅਸੀਂ ਇਸ ਹਿੰਸਕ ਅਪਰਾਧੀ ਨੂੰ ਗ੍ਰਿਫ਼ਤਾਰ ਕਰ ਲਿਆ। ਸੂਦ ਨੇ ਆਪਣੀ ਪਤਨੀ ਅਤੇ ਬੱਚੇ ਨੂੰ ਅਗਲੇ ਮਹੀਨੇ ਕੈਨੇਡਾ ਆਉਣ ਲਈ ਕਿਹਾ ਸੀ। ਹਾਲਾਂਕਿ, ਹਮਲੇ ਤੋਂ ਬਾਅਦ ਉਸਨੇ ਉਨ੍ਹਾਂ ਨੂੰ ਨਾ ਆਉਣ ਲਈ ਕਿਹਾ ਹੈ। ਸੂਦ ਨੇ ਡੇਲੀ ਹਾਈਵ ਨੂੰ ਦੱਸਿਆ ਕਿ ਮੈਂ ਜਿੰਨੀ ਜਲਦੀ ਹੋ ਸਕੇ ਕੈਨੇਡਾ ਛੱਡਣਾ ਚਾਹੁੰਦਾ ਹਾਂ। ਮਰਨ ਨਾਲੋਂ ਜੀਣਾ ਬਿਹਤਰ ਹੈ। ਉਬੇਰ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਰਾਈਡਰ ਦੇ ਖਾਤੇ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਜਾਂਚ 'ਤੇ ਪੁਲਸ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ ਦੇ ਮੋਸਟ ਵਾਂਟੇਡ 25 ਅਪਰਾਧੀਆਂ ਦੀ ਲਿਸਟ 'ਚ ਗੋਲਡੀ ਬਰਾੜ ਦਾ ਵੀ ਨਾਂ, 'BOLO' ਸੂਚੀ 'ਚ ਸ਼ਾਮਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।