ਇੰਡੀਅਨ ਓਵਰਸੀਜ਼ ਕਾਂਗਰਸ ਨੇ ਐਲਾਨੀ 31 ਮੈਂਬਰੀ ਕੋਰ ਕਮੇਟੀ, ਪ੍ਰਮੋਦ ਕੁਮਾਰ ਮਿੰਟੂ ਬਣੇ ਯੂਰਪ ਦੇ ਪ੍ਰਧਾਨ
Thursday, Jul 08, 2021 - 05:19 PM (IST)
ਮਿਲਾਨ/ਇਟਲੀ (ਸਾਬੀ ਚੀਨੀਆ)-ਪੰਜਾਬ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਹਾਈਕਮਾਂਡ ਵੱਲੋਂ ਐੱਨ. ਆਰ. ਆਈ. ਆਈਜ਼ ਨੂੰ ਇਕ ਝੰਡੇ ਥੱਲੇ ਇਕੱਠੇ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ਼ਾਇਦ ਇਸੇ ਲਈ ਹਾਈਕਮਾਂਡ ਯੂਰਪ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਯੂਰਪ ਮਾਮਲਿਆਂ ਲਈ 31 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਸੀਨੀਅਰ ਆਗੂ ਪ੍ਰਮੋਦ ਕੁਮਾਰ ਮਿੰਟੂ ਨੂੰ ਓਵਰਸੀਜ਼ ਕਾਂਗਰਸ ਯੂਰਪ ਦਾ ਪ੍ਰਧਾਨ ਨਿਯੁਕਤ ਕਰਕੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪ੍ਰਮੋਦ ਕੁਮਾਰ ਦਾ ਜਰਮਨ ਤੇ ਯੂਰਪ ਦੇ ਹੋਰਨਾਂ ਦੇਸ਼ਾਂ ’ਚ ਵੱਡਾ ਆਧਾਰ ਹੈ, ਜਿਸ ਨਾਲ ਪਾਰਟੀ ਨੂੰ ਨਵਾਂ ਜੋਸ਼ ਤੇ ਭਰਵਾਂ ਹੁੰਗਾਰਾ ਮਿਲਣਾ ਤੈਅ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ
ਕਾਂਗਰਸ ਪਾਰਟੀ ਕੋਲ ਯੂਰਪ ’ਚ ਪਹਿਲਾਂ ਹੀ ਇਕ ਮਜ਼ਬੂਤ ਲੀਡਰਸ਼ਿਪ ਹੈ, ਜਿਸ ਕਰਕੇ ਬਹੁਤ ਸਾਰੇ ਐੱਨ. ਆਰ. ਆਈਜ਼ ਪਹਿਲਾਂ ਤੋਂ ਹੀ ਕਾਂਗਰਸ ਨਾਲ ਜੁੜੇ ਹੋਏ ਹਨ। ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਆਗੂ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੂੰ ਉਨ੍ਹਾਂ ਦੀ ਵਫ਼ਾਦਾਰੀ ਤੇ ਕਾਬਲੀਅਤ ਨੂੰ ਧਿਆਨ ਵਿਚ ਰੱਖ ਕੇ ਹੀ 31 ਮੈਂਬਰੀ ਕੋਰ ਕਮੇਟੀ ਦੀ ਚੋਣ ਕੀਤੀ ਗਈ ਹੈ। ਸੈਮ ਪਿਟਰੋਦਾ ਚੇਅਰਮੈਨ ਓਵਰਸੀਜ਼ ਕਾਂਗਰਸ, ਹਿਮਾਂਸ਼ੂ ਵਿਆਸ ਸੈਕਟਰੀ ਤੇ ਰਾਜਵਿੰਦਰ ਸਿੰਘ ਕਾਂਗਰਸ ਪਾਰਟੀ ਨੂੰ ਵਿਦੇਸ਼ਾਂ ਵਿਚ ਕਾਮਯਾਬ ਬਣਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਹੋਏ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਆਉਂਦੇ ਕੁਝ ਦਿਨਾਂ ਵਿਚ ਰਾਜਵਿੰਦਰ ਸਿੰਘ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਵਿਚ ਕੋਈ ਵੱਡੀ ਜ਼ਿੰਮੇਵਾਰੀ ਮਿਲਣੀ ਤੈਅ ਹੈ ਤੇ ਯੂਰਪ ਦੇ ਕਈ ਦੇਸ਼ਾਂ ਦੇ ਨਵੇਂ ਪ੍ਰਧਾਨ ਵੀ ਨਿਯੁਕਤ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਜਾਪਾਨ ਨੇ ਓਲੰਪਿਕ ਤੋਂ ਦੋ ਹਫ਼ਤੇ ਪਹਿਲਾਂ ਟੋਕੀਓ ’ਚ ਐਲਾਨੀ 'ਕੋਰੋਨਾ ਐਮਰਜੈਂਸੀ'