ਕੈਨੇਡਾ 'ਚ 233 ਕਿਲੋਗ੍ਰਾਮ ਕੋਕੀਨ ਲਿਜਾਣ ਦੇ ਦੋਸ਼ 'ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

Thursday, Jan 11, 2024 - 02:42 PM (IST)

ਟੋਰਾਂਟੋ (ਰਾਜ ਗੋਗਨਾ)- ਭਾਰਤੀ ਮੂਲ ਦੇ 35 ਸਾਲਾ ਵਪਾਰਕ ਟਰੱਕ ਡਰਾਈਵਰ ਨੂੰ ਕੈਨੇਡਾ ਵਿੱਚ ਲਗਭਗ 6.5 ਮਿਲੀਅਨ ਡਾਲਰ (4.86 ਮਿਲੀਅਨ ਡਾਲਰ) ਦੀ ਕੋਕੀਨ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਅਧਿਕਾਰੀਆਂ ਵੱਲੋਂ ਫੜੇ ਜਾਣ ਤੋਂ ਬਾਅਦ ਚਾਰਜਸ਼ੀਟ ਕੀਤਾ ਗਿਆ ਹੈ। ਸੁਖਵਿੰਦਰ ਧੰਜੂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਨੇ ਪਿਛਲੇ ਸਾਲ 26 ਸਤੰਬਰ ਨੂੰ ਓਂਟਾਰੀਓ ਸੂਬੇ ਦੇ ਨਿਆਗਰਾ-ਆਨ-ਦੀ-ਲੇਕ 'ਚ ਕੁਈਨਸਟਨ-ਲੇਵਿਸਟਨ ਬ੍ਰਿਜ ਬੰਦਰਗਾਹ 'ਤੇ ਮੁੱਢਲੇ ਨਿਰੀਖਣ ਬੂਥ 'ਤੇ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ।

ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐਮ.ਪੀ) ਨੇ ਬੁੱਧਵਾਰ ਨੂੰ ਜਾਰੀ ਕੀਤੀ ਇੱਕ ਰੀਲੀਜ਼ ਵਿੱਚ ਕਿਹਾ ਕਿ ਡਰਾਈਵਰ ਨੂੰ ਉਸਦੇ ਟਰੱਕ ਅਤੇ ਟ੍ਰੇਲਰ ਦੀ ਸੈਕੰਡਰੀ ਜਾਂਚ ਲਈ ਰੈਫਰ ਕੀਤਾ ਗਿਆ ਸੀ। ਕਾਰਗੋ ਦੇ ਨਿਰੀਖਣ ਤੋਂ 202 ਇੱਟਾਂ ਦੇ ਆਕਾਰ ਦੀਆਂ ਵਸਤੂਆਂ ਮਿਲੀਆਂ, ਜਿੰਨ੍ਹਾਂ ਵਿਚ ਕੋਕੀਨ ਹੋਣ ਦੀ ਪੁਸ਼ਟੀ ਹੋਈ ਅਤੇ ਉਨ੍ਹਾਂ ਦਾ ਕੁੱਲ ਭਾਰ 233 ਕਿਲੋਗ੍ਰਾਮ ਸੀ। ਧੰਜੂ ਨੂੰ ਫਿਰ ਸੀ.ਬੀ.ਐਸ.ਏ ਨੇ ਗ੍ਰਿਫਤਾਰ ਕੀਤਾ ਤੇ ਸ਼ੱਕੀ ਨਸ਼ੀਲੇ ਪਦਾਰਥਾਂ ਸਮੇਤ ਆਰ.ਸੀ.ਐਮ.ਪੀ ਬਾਰਡਰ ਇੰਟੈਗਰਿਟੀ ਯੂਨਿਟ ਦੀ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।

ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਸਿੱਧੇ ਬਣ ਸਕਦੇ ਹੋ ਪੁਲਸ ਅਫਸਰ

ਪੂਰੀ ਜਾਂਚ" ਤੋਂ ਬਾਅਦ RCMP ਨੇ ਪਿਛਲੇ ਸਾਲ 19 ਦਸੰਬਰ ਨੂੰ, ਬਰੈਂਪਟਨ ਨਿਵਾਸੀ ਧੰਜੂ 'ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਨਾਲ ਰੱਖਣ ਦਾ ਦੋਸ਼ ਲਗਾਇਆ ਸੀ। RCMP ਬਾਰਡਰ ਇੰਟੈਗਰਿਟੀ ਪ੍ਰੋਗਰਾਮ ਦੇ ਇੰਚਾਰਜ ਸੁਪਰਡੈਂਟ ਰਾਏ ਬੋਲਸਟਰਲੀ ਨੇ ਕਿਹਾ,"ਆਰ.ਸੀ.ਐਮ.ਪੀ ਅਤੇ ਸੀ.ਬੀ.ਐਸ.ਏ ਨੇ ਇੱਕ ਵਾਰ ਫਿਰ ਸਾਂਝੇ ਯਤਨਾਂ ਰਾਹੀਂ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਮਿਲ ਕੇ ਕੰਮ ਕਰਨ ਵਿੱਚ ਲਗਾਤਾਰ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਰੀਲੀਜ਼ ਅਨੁਸਾਰ ਧੰਜੂ ਨੂੰ ਸਖ਼ਤ ਸ਼ਰਤਾਂ ਨਾਲ ਰਿਹਾਅ ਕੀਤਾ ਗਿਆ ਹੈ ਅਤੇ ਉਸ ਦੀ ਅਗਲੀ ਸੁਣਵਾਈ 2 ਫਰਵਰੀ ਨੂੰ ਓਂਟਾਰੀਓ ਦੇ ਸੇਂਟ ਕੈਥਰੀਨਜ਼ ਵਿਖੇ ਤੈਅ ਕੀਤੀ ਗਈ ਹੈ।

ਪਿਛਲੇ ਮਹੀਨੇ ਓਂਟਾਰੀਓ ਵਿੱਚ ਅਧਿਕਾਰੀਆਂ ਵੱਲੋਂ 100 ਪੌਂਡ ਤੋਂ ਵੱਧ ਸ਼ੱਕੀ ਕੋਕੀਨ ਜ਼ਬਤ ਕਰਨ ਤੋਂ ਬਾਅਦ ਇੱਕ ਹੋਰ ਭਾਰਤੀ ਮੂਲ ਦੇ ਵਪਾਰਕ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ ਸੀ। ਮਨਪ੍ਰੀਤ ਸਿੰਘ (27) ਨੂੰ ਆਰ.ਸੀ.ਐਮ.ਪੀ ਦੇ ਅਧਿਕਾਰੀਆਂ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਰਸਮੀ ਤੌਰ 'ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਗਿਆ। ਧੰਜੂ ਅਤੇ ਸਿੰਘ ਦੋਵੇਂ ਬਰੈਂਪਟਨ ਸ਼ਹਿਰ ਦੇ ਵਸਨੀਕ ਹਨ। ਦਸੰਬਰ 2023 ਵਿੱਚ ਇੱਕ ਬਜ਼ੁਰਗ ਸਿੱਖ ਟਰੱਕ ਡਰਾਈਵਰ ਖ਼ਿਲਾਫ਼ ਇੱਕ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 15 ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਭਾਰਤ ਭੱਜ ਗਿਆ ਸੀ।ਸਰੀ ਦੇ ਰਹਿਣ ਵਾਲੇ ਰਾਜ ਕੁਮਾਰ ਮਹਿਮੀ ਨੂੰ ਕੈਨੇਡਾ-ਅਮਰੀਕਾ ਪੈਸੀਫਿਕ ਹਾਈਵੇਅ ਬਾਰਡਰ ਕ੍ਰਾਸਿੰਗ ਰਾਹੀਂ ਬ੍ਰਿਟਿਸ਼ ਕੋਲੰਬੀਆ ਵਿੱਚ 80 ਕਿਲੋ ਕੋਕੀਨ ਦੀ ਤਸਕਰੀ ਕਰਨ ਲਈ ਪਿਛਲੇ ਸਾਲ ਨਵੰਬਰ ਵਿੱਚ ਸਜ਼ਾ ਸੁਣਾਈ ਗਈ ਸੀ। ਜਨਵਰੀ ਤੋਂ ਅਕਤੂਬਰ 31, 2023 ਤੱਕ, ਦੱਖਣੀ ਓਂਟਾਰੀਓ ਖੇਤਰ ਵਿੱਚ CBSA ਨੇ ਕਥਿਤ ਤੌਰ 'ਤੇ 1,300 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News