ਡਬਲਿਨ ’ਚ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਹਮਲਾ

Wednesday, Aug 06, 2025 - 03:20 AM (IST)

ਡਬਲਿਨ ’ਚ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਹਮਲਾ

ਲੰਡਨ - 23 ਸਾਲਾਂ ਤੋਂ ਆਇਰਲੈਂਡ ’ਚ ਰਹਿ ਰਹੇ ਇਕ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਰਾਜਧਾਨੀ ਡਬਲਿਨ ਵਿਚ ਬਿਨਾਂ ਕਿਸੇ ਉਕਸਾਵੇ ਦੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪੀੜਤ ’ਤੇ ਚੀਕਦਿਆਂ ਕਿਹਾ ‘ਆਪਣੇ ਦੇਸ਼ ਵਾਪਸ ਜਾਓ’। ਸਥਾਨਕ ਪੁਲਸ  ਨੇ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤ ਲਖਵੀਰ ਸਿੰਘ (40) ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਸ ਨੇ ਸ਼ੁੱਕਰਵਾਰ ਰਾਤ ਨੂੰ 20 ਸਾਲ ਦੇ ਦੋ ਨੌਜਵਾਨਾਂ ਨੂੰ ਆਪਣੀ ਟੈਕਸੀ ’ਚ ਬਿਠਾਇਆ ਅਤੇ ਡਬਲਿਨ ਦੇ ਬਾਲੀਮੋਨ ਉਪਨਗਰ ਵਿਚ ਪੌਪਿੰਟਰੀ ਵਿਖੇ ਛੱਡ ਦਿੱਤਾ। ਸਿੰਘ ਦੇ ਅਨੁਸਾਰ ਮੰਜ਼ਿਲ ’ਤੇ ਪਹੁੰਚਣ ਤੋਂ ਬਾਅਦ ਦੋਵਾਂ ਨੌਜਵਾਨਾਂ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੇ ਸਿਰ ’ਤੇ ਬੋਤਲ ਨਾਲ  ਵਾਰ ਕੀਤਾ। ਉਸ ਨੇ ਕਿਹਾ ਕਿ ਸ਼ੱਕੀਆਂ ਨੇ ਭੱਜਦੇ ਹੋਏ ਕਿਹਾ, ‘ਆਪਣੇ ਦੇਸ਼ ਵਾਪਸ ਜਾਓ’।

ਸਿੰਘ ਨੇ ਡਬਲਿਨ ਲਾਈਵ ਨੂੰ ਦੱਸਿਆ, ‘ਮੈਂ ਪਿਛਲੇ 10 ਸਾਲਾਂ ’ਚ ਅਜਿਹਾ ਕਦੇ ਨਹੀਂ ਦੇਖਿਆ। ਮੈਂ ਹੁਣ ਬਹੁਤ ਡਰਿਆ ਹੋਇਆ ਹਾਂ ਅਤੇ ਟੈਕਸੀ ਚਲਾਉਣੀ ਬੰਦ ਕਰ ਦਿੱਤੀ ਹੈ। ਦੁਬਾਰਾ ਸੜਕ ’ਤੇ ਵਾਪਸ ਆਉਣਾ ਮੁਸ਼ਕਿਲ ਹੋਵੇਗਾ। ਮੇਰੇ ਬੱਚੇ ਵੀ ਡਰੇ ਹੋਏ ਹਨ।’ ਡਬਲਿਨ ਪੁਲਸ ਦੇ ਬੁਲਾਰੇ ਨੇ ਕਿਹਾ ਕਿ ਸਿੰਘ ਨੂੰ ਬਿਊਮੋਂਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਉਸ ਦੀਆਂ ਸੱਟਾਂ ਗੰਭੀਰ  ਨਹੀਂ ਹਨ।


author

Inder Prajapati

Content Editor

Related News