ਭਾਰਤੀ ਮੂਲ ਦੇ ਸੁਬਰਾਮਨੀਅਮ ਹੋਣਗੇ FedEx ਦੇ ਅਗਲੇ CEO
Tuesday, Mar 29, 2022 - 12:36 PM (IST)
ਵਾਸ਼ਿੰਗਟਨ (ਭਾਸ਼ਾ)- ਭਾਰਤੀ ਮੂਲ ਦੇ ਰਾਜ ਸੁਬਰਾਮਨੀਅਮ ਅਮਰੀਕੀ ਕੋਰੀਅਰ ਸੇਵਾ ਕੰਪਨੀ FedEx ਦੇ ਅਗਲੇ ਮੁੱਖ ਕਾਰਜਕਾਰੀ ਅਧਿਕਾਰੀ (CEO) ਹੋਣਗੇ। FedEx ਨੇ ਸੋਮਵਾਰ ਨੂੰ ਸੁਬਰਾਮਨੀਅਮ ਦੀ ਨਿਯੁਕਤੀ ਦੀ ਘੋਸ਼ਣਾ ਕਰਦੇ ਹੋਏ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੰਪਨੀ ਦੇ ਚੇਅਰਮੈਨ ਅਤੇ ਮੌਜੂਦਾ ਸੀ.ਈ.ਓ. ਫਰੈਡਰਿਕ ਡਬਲਯੂ. ਸਮਿਥ ਦੀ ਥਾਂ ਲੈਣਗੇ। ਨਵੀਂ ਨਿਯੁਕਤੀ 1 ਜੂਨ ਤੋਂ ਲਾਗੂ ਹੋਵੇਗੀ। ਹਾਲਾਂਕਿ, ਸਮਿਥ ਕਾਰਜਕਾਰੀ ਚੇਅਰਮੈਨ ਵਜੋਂ ਕੰਪਨੀ ਨਾਲ ਜੁੜੇ ਰਹਿਣਗੇ।
ਸਮਿਥ ਨੇ ਸੁਬਰਾਮਨੀਅਮ ਦੀ ਅਗਵਾਈ ਵਾਲੀ FedEx ਦੇ ਸਫ਼ਲਤਾ ਦੀਆਂ ਨਵੀਆਂ ਉਚਾਈਆਂ 'ਤੇ ਪਹੁੰਚਣ ਦੀ ਉਮੀਦ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੀ ਲੀਡਰਸ਼ਿਪ ਸੌਂਪਦੇ ਹੋਏ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਮਿਥ ਨੇ ਹੀ 1971 ਵਿਚ FedEx ਦੀ ਸਥਾਪਨਾ ਕੀਤੀ ਸੀ।
ਇਸ ਦੇ ਦੁਨੀਆ ਭਰ ਵਿਚ 6 ਲੱਖ ਤੋਂ ਵੱਧ ਕਰਮਚਾਰੀ ਹਨ। ਦੂਜੇ ਪਾਸੇ ਸੁਬਰਾਮਨੀਅਮ ਨੇ FedEx ਦੇ ਸੀ.ਈ.ਓ. ਵਜੋਂ ਆਪਣੀ ਨਿਯੁਕਤੀ ਨੂੰ ਵੱਡਾ ਸਨਮਾਨ ਦੱਸਿਆ ਅਤੇ ਕਿਹਾ, 'ਸਮਿਥ ਨੇ ਜਿਸ ਸੰਗਠਨ ਨੂੰ ਬਹੁਤ ਮਿਹਨਤ ਨਾਲ ਦੁਨੀਆ ਦੀਆਂ ਵੱਕਾਰੀ ਕੰਪਨੀਆਂ ਵਿਚ ਸ਼ੁਮਾਰ ਕਰਾਇਆ, ਉਸ ਨੂੰ ਨਵੀਂ ਭੂਮਿਕਾ ਵਿਚ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗਾ।' ਸੁਬਰਾਮਨੀਅਮ ਨੂੰ 2020 ਵਿਚ FedEx ਬੋਰਡ ਵਿਚ ਸ਼ਾਮਲ ਕੀਤਾ ਗਿਆ ਸੀ ਅਤੇ ਸੀ.ਈ.ਓ ਬਣਨ ਤੋਂ ਬਾਅਦ ਵੀ ਉਹ ਨਿਰਦੇਸ਼ਕ ਬਣੇ ਰਹਿਣਗੇ। ਇਸ ਤੋਂ ਪਹਿਲਾਂ, ਉਹ FedEx ਕਾਰਪੋਰੇਸ਼ਨ ਦੇ ਪ੍ਰਧਾਨ ਅਤੇ ਮੁੱਖ ਸੰਚਾਲਨ ਅਧਿਕਾਰੀ ਵਜੋਂ ਤਾਇਨਾਤ ਸਨ।