ਆਸਟਰੇਲੀਆ ''ਚ ਭਾਰਤੀ ਠੇਕੇਦਾਰ ਨੇ ਪ੍ਰਵਾਸੀ ਕਾਮਿਆਂ ਦਾ ਕੀਤਾ ਸ਼ੋਸ਼ਣ, ਹੋਇਆ ਭਾਰੀ ਜੁਰਮਾਨਾ

04/21/2018 4:13:39 AM

ਵਿਕਟੋਰੀਆ— ਆਸਟਰੇਲੀਆ 'ਚ ਵਿਕਟੋਰੀਆ ਖੇਤਰ ਦੇ ਅਧੀਨ ਪੈਂਦੇ ਬੈਂਡੀਗੋ ਵਿਖੇ ਦੋ ਰਫਿਊਜੀ ਪ੍ਰਵਾਸੀ ਕਾਮਿਆਂ ਦਾ ਸ਼ੋਸ਼ਣ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਇਕ ਠੇਕੇਦਾਰ ਨੂੰ ਭਾਰੀ ਜੁਰਮਾਨਾ ਲਗਾਇਆ ਗਿਆ ਹੈ। ਭਾਰਤੀ ਮੂਲ ਦਾ ਇਹ ਠੇਕੇਦਾਰ ਦੋ ਪ੍ਰਵਾਸੀ ਕਾਮਿਆਂ ਨੂੰ 2,30,000 ਆਸਟਰੇਲੀਆਈ ਡਾਲਰ ਅਦਾ ਕਰੇਗਾ। 'ਲਿਟਲ ਇੰਡੀਆ' ਦੀ ਇਕ ਰਿਪੋਰਟ ਮੁਤਾਬਕ ਆਸਟਰੇਲੀਆ ਦੀ ਸੁਤੰਤਰ ਸੰਵਿਧਾਨਕ ਏਜੰਸੀ ਜੋਬਨਜੀਤ ਸਿੰਘ ਨੂੰ ਦੋ ਪ੍ਰਵਾਸੀ ਕਾਮਿਆਂ ਕੋਲੋਂ ਘੱਟ ਮਜਦੂਰੀ 'ਤੇ ਕੰਮ ਕਰਵਾਉਣ ਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜੋਬਨਜੀਤ ਤੇ ਉਸ ਦੀ ਕੰਪਨੀ ਨੇ ਟਰਾਲੀਆਂ ਕੁਲੈਕਟ ਕਰਨ ਵਾਲੇ ਪ੍ਰਵਾਸੀ ਕਾਮਿਆਂ ਕੋਲੋਂ ਘੱਟ ਮਜਦੂਰੀ 'ਤੇ ਕੰਮ ਕਰਵਾਇਆ। ਉਨ੍ਹਾਂ ਨੇ ਕਾਮਿਆਂ ਨੂੰ 2015 'ਚ 6 ਮਹੀਨਿਆਂ ਦੇ ਸਮੇਂ ਦੌਰਾਨ ਕੁੱਲ 29,031 ਆਸਟਰੇਲੀਆਈ ਡਾਲਰ ਅਦਾ ਕੀਤੇ, ਜੋ ਕਿ ਕਾਮਿਆਂ ਦੀ ਕੁੱਲ ਤਨਖਾਹ ਦਾ ਸਿਰਫ 40 ਫੀਸਦੀ ਹੈ ਤੇ ਘੱਟ ਮਜਦੂਰੀ 'ਤੇ ਕੰਮ ਕਰਵਾਉਣ ਦੇ ਬਰਾਬਰ ਹੈ। ਫੇਅਰ ਵਰਕ ਅੰਬਡਸਮੈਨ ਦੀ ਜਾਂਚ 'ਚ ਸਾਹਮਣੇ ਆਇਆ ਕਿ ਦੋ ਪ੍ਰਵਾਸੀਆਂ ਨੂੰ 9.73 ਤੋਂ 19.32 ਆਸਟਰੇਲੀਆਈ ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਅਦਾ ਕੀਤੇ ਗਏ। ਇਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਪ੍ਰਤੀ ਘੰਟੇ ਦੀ ਘੱਟੋ-ਘੱਟ ਉਜਰਤ ਤੋਂ ਘੱਟ, ਸ਼ਿਫਟ ਵਰਕ ਲੋਡਿੰਗ, ਵਾਧੂ ਕੰਮ ਦੀ ਤਨਖਾਹ ਤੇ ਹਫਤਾਵਰੀ ਤੇ ਛੁੱਟੀ ਵਾਲੇ ਦਿਨ ਕੰਮ ਕਰਵਾਉਣ ਦੇ ਹਿਸਾਬ ਨਾਲ ਬਣਦਾ ਉਨ੍ਹਾਂ ਦੇ ਹੱਕ ਦੀ ਥਾਂ ਘੱਟ ਮਜ਼ਦੂਰੀ 'ਤੇ ਕੰਮ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਸਲਾਨਾ ਛੁੱਟੀ ਦਾ ਬਣਦਾ ਹੱਕ ਵੀ ਨਹੀਂ ਦਿੱਤਾ ਗਿਆ। ਫੇਅਰ ਵਰਕ ਅੰਬਡਸਮੈਨ ਸੰਸਥਾ ਦੀ ਜਾਂਚ ਦੇ ਆਧਾਰ 'ਤੇ ਫੈਡਰਲ ਸਰਕਟ ਕੋਰਟ ਨੇ ਦੋਸ਼ੀ ਪਾਏ ਜਾਣ 'ਤੇ ਭਾਰਤੀ ਮੂਲ ਦੇ ਠੇਕੇਦਾਰ ਜੋਬਨਜੀਤ ਸਿੰਘ ਨੂੰ 40,510 ਡਾਲਰ ਤੇ ਉਸ ਦੀ ਕੰਪਨੀ ਨੂੰ 190,128 ਆਸਟਰੇਲੀਆਈ ਡਾਲਰ ਦਾ ਜੁਰਮਾਨਾ ਲਗਾਇਆ।
ਹਾਲ ਹੀ 'ਚ ਅਫਗਾਨਿਸਤਾਨ ਤੋਂ ਆਏ ਕ੍ਰਮਵਾਰ 31 ਤੇ 28 ਸਾਲ ਉਮਰ ਦੇ ਇਹ ਦੋਵੇਂ ਰਫਿਊਜੀ ਪ੍ਰਵਾਸੀ ਕਾਮੇ ਜੋਬਨਜੀਤ ਸਿੰਘ ਦੀ ਕੰਪਨੀ 'ਚ ਕੰਮ ਕਰਦੇ ਸਨ। ਜਾਂਚ ਲਈ ਇੰਸਪਕੈਟਰ ਨੇ ਦੇਸ਼ ਭਰ 'ਚ ਸਥਿਤ 130 ਵੂਲਵਰਥ ਦੀਆਂ ਸੁਪਰਮਾਰਕਿਟ ਸਾਈਟਾਂ ਦਾ ਦੌਰਾ ਕੀਤਾ। ਫੇਅਰ ਵਰਕ ਅੰਬਡਸਮੈਨ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਪ੍ਰਵਾਸੀ ਕਾਮਿਆਂ ਨੂੰ ਆਸਟਰੇਲੀਆ ਦੀ ਪੀ.ਆਰ. ਮਿਲੀ ਹੋਈ ਹੈ ਤੇ ਇਹ ਯੂਨਾਇਟਡ ਟਰਾਲੀ ਕੁਲੈਕਸ਼ਨ ਦੇ ਉਪ ਠੇਕੇ ਦੇ ਇਕ ਹਿੱਸੇ ਵਜੋਂ ਬੈਂਡਿਗੋ ਮਾਰਕੀਟ ਪਲੇਸ ਵਿਖੇ ਵੂਲਵਰਥ ਲਈ ਟਰਾਲੀਆਂ ਕੁਲੈਕਟ ਕਰਨ ਦਾ ਕੰਮ ਕਰਦੇ ਸਨ, ਜਿਸ ਦਾ ਠੇਕੇਦਾਰ ਜੋਬਨਜੀਤ ਸਿੰਘ ਹੈ। ਜੱਜ ਪੈਟਕੀਜੀਆ ਮਰਕਿਊਰੀ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਕੰਮ ਦੇ ਨਾਂ 'ਤੇ ਮਜਦੂਰਾਂ ਦਾ ਸ਼ੋਸ਼ਣ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਮਿਆਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲਣਾ ਚਾਹੀਦਾ ਹੈ। ਇਸ ਲਈ ਕੰਪਨੀ ਦੇ ਠੇਕੇਦਾਰਾਂ ਨੂੰ ਜੁਰਮਾਨਾ ਅਦਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।


Related News