ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਦੁੱਗਲ ਨੀਦਰਲੈਂਡ ''ਚ ਅਮਰੀਕੀ ਰਾਜਦੂਤ ਨਿਯੁਕਤ

Thursday, Sep 15, 2022 - 05:47 PM (IST)

ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਦੁੱਗਲ ਨੀਦਰਲੈਂਡ ''ਚ ਅਮਰੀਕੀ ਰਾਜਦੂਤ ਨਿਯੁਕਤ

ਵਾਸ਼ਿੰਗਟਨ (ਏਜੰਸੀ)- ਭਾਰਤੀ ਮੂਲ ਦੀ ਅਮਰੀਕੀ ਸਿਆਸੀ ਕਾਰਕੁਨ ਸ਼ੈਫਾਲੀ ਰਾਜ਼ਦਾਨ ਦੁੱਗਲ ਨੂੰ ਨੀਦਰਲੈਂਡ ਵਿੱਚ ਅਮਰੀਕਾ ਦੀ ਅਗਲੀ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ। ਅਮਰੀਕੀ ਸੈਨੇਟ ਨੇ ਆਵਾਜ਼ ਵੋਟ ਰਾਹੀਂ ਇਸ ਅਹੁਦੇ ਲਈ ਦੁੱਗਲ (50) ਦੇ ਨਾਂ ਦੀ ਪੁਸ਼ਟੀ ਕੀਤੀ ਹੈ। ਦੁੱਗਲ ਤੋਂ ਇਲਾਵਾ, ਸੀਨੀਅਰ ਪ੍ਰਸ਼ਾਸਨਿਕ ਅਹੁਦਿਆਂ 'ਤੇ ਦੋ ਹੋਰ ਲੋਕਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਕਸ਼ਮੀਰੀ ਪੰਡਿਤ ਭਾਈਚਾਰੇ ਨਾਲ ਸਬੰਧਤ, ਦੁੱਗਲ ਦਾ ਜਨਮ ਹਰਿਦੁਆਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਦੋ ਸਾਲ ਦੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਪੈਨਸਿਲਵੇਨੀਆ ਦੇ ਪਿਟਸਬਰਗ ਆ ਗਿਆ ਸੀ।

ਫਿਰ ਜਦੋਂ ਉਹ ਪੰਜ ਸਾਲ ਦੀ ਹੋਈ ਤਾਂ ਉਨ੍ਹਾਂ ਦਾ ਪਰਿਵਾਰ ਓਹੀਓ ਦੇ ਸਿਨਸਿਨਾਟੀ ਵਿਚ ਵਸ ਗਿਆ, ਜਿੱਥੇ ਉਹ ਵੱਡੀ ਹੋਈ। ਉਨ੍ਹਾਂ ਨੇ ਮਿਆਮੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਨਿਊਯਾਰਕ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕੀਤੀ। ਦੁੱਗਲ ਨੇ ਜੁਲਾਈ ਵਿੱਚ ਸੈਨੇਟ ਦੀ ਸੁਣਵਾਈ ਦੌਰਾਨ ਵਿਦੇਸ਼ੀ ਸਬੰਧਾਂ ਬਾਰੇ ਕਮੇਟੀ ਨੂੰ ਕਿਹਾ ਸੀ, 'ਮੈਂ ਭਾਰਤ ਵਿੱਚ ਪੈਦਾ ਹੋਈ, ਪਰ ਮੇਰਾ ਪਾਲਣ-ਪੋਸ਼ਣ ਅਮਰੀਕਾ ਵਿੱਚ ਹੋਇਆ ਹੈ।' ਦੁੱਗਲ ਇੱਕ ਤਜ਼ਰਬੇਕਾਰ ਸਿਆਸੀ ਕਾਰਕੁਨ ਹੋਣ ਦੇ ਨਾਲ-ਨਾਲ ਔਰਤਾਂ ਅਤੇ ਮਨੁੱਖੀ ਅਧਿਕਾਰਾਂ ਦੀ ਮਜ਼ਬੂਤ ​​ਵਕੀਲ ਵੀ ਹੈ। ਉਹ ਹਿਊਮਨ ਰਾਈਟਸ ਵਾਚ ਦੀ ਸੈਨ ਫਰਾਂਸਿਸਕੋ ਕਮੇਟੀ ਦੀ ਮੈਂਬਰ ਹੈ।


author

cherry

Content Editor

Related News