ਅਮਰੀਕਾ : ਰਾਜਾ ਕ੍ਰਿਸ਼ਨਾਮੂਰਤੀ ਨੇ ਇਲੀਨੋਇਸ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤੀ

06/30/2022 11:18:15 AM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇਲੀਨੋਇਸ ਸੂਬੇ ਤੋਂ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤ ਲਈ ਹੈ। ਕ੍ਰਿਸ਼ਨਮੂਰਤੀ ਨੇ ਆਪਣੇ ਵਿਰੋਧੀ ਜੁਨੈਦ ਅਹਿਮਦ ਦੁਆਰਾ ਚਲਾਈ ਗਈ ਵਿਸ਼ਾਲ ਫਿਰਕੂ ਮੁਹਿੰਮ ਦੇ ਬਾਵਜੂਦ ਫੈਸਲਾਕੁੰਨ ਜਨਾਦੇਸ਼ ਹਾਸਲ ਕੀਤਾ। ਇਲੀਨੋਇਸ ਸੂਬੇ ਵਿਚ ਕ੍ਰਿਸ਼ਨਾਮੂਰਤੀ (48) ਨੇ ਜੁਨੈਦ ਅਹਿਮਦ ਨੂੰ 71 ਫੀਸਦੀ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਕ੍ਰਿਸ਼ਨਾਮੂਰਤੀ ਨੇ ਇਸ ਜਿੱਤ ਤੋਂ ਬਾਅਦ ਕਿਹਾ ਕਿ ਮੈਂ ਇਸ ਜਿੱਤ ਨਾਲ ਬੇਹੱਦ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। 

ਇਲੀਨੋਇਸ ਦੇ ਅੱਠਵੇਂ ਜ਼ਿਲ੍ਹੇ ਵਿੱਚ ਡੈਮੋਕਰੇਟਿਕ ਪਾਰਟੀ ਦੇ ਪ੍ਰਾਇਮਰੀ ਵੋਟਰਾਂ ਨੇ ਅਮਰੀਕੀ ਕਾਂਗਰਸ ਲਈ ਮੇਰੀ ਮੁੜ ਚੋਣ ਲਈ ਵੱਡੀ ਗਿਣਤੀ ਵਿੱਚ ਵੋਟ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਇਲੀਨੋਇਸ ਸੂਬੇ ਦੇ ਲੋਕ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਚਾਹੁੰਦੇ ਹਨ। ਮੈਂ ਕਾਂਗਰਸ ਵਿੱਚ ਮੱਧ ਵਰਗ ਦੇ ਲੋਕਾਂ ਨਾਲ ਜੁੜੇ ਮੁੱਦਿਆਂ ਅਤੇ ਔਰਤਾਂ ਦੇ ਗਰਭ ਅਵਸਥਾ ਦੇ ਅਧਿਕਾਰਾਂ ਦੀ ਗੱਲ ਕਰਾਂਗਾ। ਇਸ ਤੋਂ ਇਲਾਵਾ ਮਹਿੰਗਾਈ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਦਾ ਰਹਾਂਗਾ। ਮੈਂ ਆਉਣ ਵਾਲੇ ਮਹੀਨਿਆਂ ਵਿੱਚ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਅਣਥੱਕ ਕੰਮ ਕਰਨਾ ਜਾਰੀ ਰੱਖਾਂਗਾ। 

ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ 19 : ਕੈਨੇਡਾ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਸਰਹੱਦੀ ਉਪਾਵਾਂ ਦਾ ਕੀਤਾ ਵਿਸਥਾਰ

ਕ੍ਰਿਸ਼ਨਾਮੂਰਤੀ 2017 ਤੋਂ ਇਲੀਨੋਇਸ ਦੇ 8ਵੇਂ ਜ਼ਿਲ੍ਹੇ ਲਈ ਅਮਰੀਕੀ ਕਾਂਗਰਸ ਦੇ ਮੈਂਬਰ ਵਜੋਂ ਸੇਵਾ ਕਰ ਰਿਹਾ ਹੈ। ਕ੍ਰਿਸ਼ਨਾਮੂਰਤੀ ਦੇ ਮਾਤਾ-ਪਿਤਾ ਤਾਮਿਲਨਾਡੂ ਤੋਂ ਹਨ। ਅਮਰੀਕੀ ਕਾਂਗਰਸ ਦੇ ਤਿੰਨ ਵਾਰ ਮੈਂਬਰ ਰਹਿ ਚੁੱਕੇ ਕ੍ਰਿਸ਼ਨਾਮੂਰਤੀ ਦਾ ਜਨਮ ਨਵੀਂ ਦਿੱਲੀ ਵਿੱਚ ਹੋਇਆ ਸੀ। ਉਹ 8 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਆਮ ਚੋਣਾਂ ਵਿਚ ਰਿਪਬਲਿਕਨ ਕ੍ਰਿਸ ਡਰਗਿਸ ਦਾ ਸਾਹਮਣਾ ਕਰਨਗੇ।
 


Vandana

Content Editor

Related News