ਲੰਡਨ: ਪੰਜਾਬ ਨਾਲ ਸਬੰਧਤ ਤਿੰਨ ਨੌਜਵਾਨਾਂ ਦੇ ਕਤਲ ਦਾ ਪੰਜਾਬੀ ''ਤੇ ਹੀ ਲੱਗਾ ਦੋਸ਼

Wednesday, Jan 22, 2020 - 06:19 PM (IST)

ਲੰਡਨ: ਪੰਜਾਬ ਨਾਲ ਸਬੰਧਤ ਤਿੰਨ ਨੌਜਵਾਨਾਂ ਦੇ ਕਤਲ ਦਾ ਪੰਜਾਬੀ ''ਤੇ ਹੀ ਲੱਗਾ ਦੋਸ਼

ਲੰਡਨ- ਪੂਰਬੀ ਲੰਡਨ ਵਿਚ ਬੀਤੇ ਹਫਤੇ ਦੇ ਅਖੀਰ 'ਤੇ ਹੋਏ ਝਗੜੇ ਦੌਰਾਨ ਪੰਜਾਬ ਨਾਲ ਸਬੰਧ ਰੱਖਣ ਵਾਲੇ ਤਿੰਨ ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਸਕਾਟਲੈਂਡ ਯਾਰਡ ਦੇ ਭਾਰਤੀ ਮੂਲ ਦੇ 29 ਸਾਲਾ ਪੰਜਾਬੀ 'ਤੇ ਦੋਸ਼ ਲਾਇਆ ਗਿਆ ਹੈ। ਲੰਡਨ ਵਿਚ ਸਥਿਤ ਰੀਡਬ੍ਰਿਜ ਮੈਜਿਸਟਰੇਟ ਅਦਾਲਤ ਵਿਚ ਬੁੱਧਵਾਰ ਨੂੰ ਪੇਸ਼ ਹੋਣ ਤੋਂ ਪਹਿਲਾਂ ਗੁਰਜੀਤ ਸਿੰਘ 'ਤੇ ਮੰਗਲਵਾਰ ਸ਼ਾਮ ਦੋਸ਼ ਲਾਇਆ ਗਿਆ। ਉਹ ਕਤਲਾਂ ਦੇ ਸਬੰਧ ਵਿਚ ਜਾਂਚ ਦੇ ਦੌਰ ਤੋਂ ਲੰਘ ਰਿਹਾ ਹੈ ਜਦਕਿ 39 ਸਾਲਾ ਇਕ ਹੋਰ ਵਿਅਕਤੀ ਵੀ ਪੁਲਸ ਹਿਰਾਸਤ ਵਿਚ ਹੈ। 

ਮੈਟਰੋਪਾਲੀਟਨ ਪੁਲਸ ਨੇ ਕਿਹਾ ਕਿ ਘਟਨਾ ਦੇ ਟੀਚੇ ਦਾ ਪਤਾ ਲਾਉਣ ਦੇ ਲਈ ਜਾਂਚ ਜਾਰੀ ਹੈ ਹਾਲਾਂਕਿ ਸਾਨੂੰ ਨਹੀਂ ਲੱਗਦਾ ਕਿ ਇਹ ਕੋਈ ਗਿਰੋਹ ਸਬੰਧੀ ਘਟਨਾ ਹੈ। ਅਧਿਕਾਰੀ ਹੱਤਿਆਵਾਂ ਦੇ ਇਸ ਮਾਮਲੇ ਵਿਚ ਹੋਰ ਕੋਈ ਗ੍ਰਿਫਤਾਰੀ ਨਹੀਂ ਕਰ ਰਹੇ। ਮਾਰੇ ਗਏ ਤਿੰਨੋਂ ਲੋਕ ਪੰਜਾਬ ਨਾਲ ਸਬੰਧ ਰੱਖਦੇ ਸਨ। ਪੁਲਸ ਵਲੋਂ ਅਜੇ ਉਹਨਾਂ ਦੀ ਰਸਮੀ ਪਛਾਣ ਜਾਰੀ ਕਰਨੀ ਬਾਕੀ ਹੈ ਪਰ ਸਥਾਨਕ ਤੌਰ 'ਤੇ ਉਹਨਾਂ ਨੂੰ ਨਰਿੰਦਰ ਉਰਫ ਨਿਕ ਸਿੰਘ, ਹਰਿੰਦਰ ਉਰਫ ਹਨੀ ਕੁਮਾਰ ਤੇ ਬਲਜੀਤ ਸਿੰਘ ਕਿਹਾ ਜਾਂਦਾ ਸੀ। ਪਹਿਲਾਂ ਪੁਲਸ ਨੇ ਕਿਹਾ ਸੀ ਕਿ ਉਸ ਦੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਸਥਾਨਕ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕਾਂ ਵਿਚਾਲੇ ਜਾਰੀ ਵਿਵਾਦ ਦੇ ਚੱਲਦੇ ਹਮਲਾ ਹੋਇਆ। ਇਹ ਲੋਕ ਇਕ-ਦੂਜੇ ਨੂੰ ਜਾਣਦੇ ਸਨ। ਐਤਵਾਰ ਰਾਤ ਵਾਪਰੀ ਘਟਨਾ ਤੋਂ ਇਕ ਦਿਨ ਪਹਿਲਾਂ ਇਕ ਵਿਆਹ ਸਮਾਗਮ ਵਿਚ ਹੋਏ ਵਿਵਾਦ ਨੂੰ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ। ਮਾਰੇ ਗਏ ਲੋਕਾਂ ਦੀ ਉਮਰ 20 ਤੋਂ 30 ਸਾਲ ਦੇ ਵਿਚਾਲੇ ਸੀ। ਰੀਡਬ੍ਰਿਜ ਦੇ ਸੇਵਨਕਿੰਗਸ ਖੇਤਰ ਵਿਚ ਐਮਰਜੰਸੀ ਸੇਵਾਵਾਂ ਨੂੰ ਉਹ ਗੰਭੀਰ ਹਾਲਾਤ ਵਿਚ ਮਿਲੇ ਸਨ। ਉਹਨਾਂ ਦੇ ਸਰੀਰ 'ਤੇ ਚਾਕੂਆਂ ਦੇ ਨਿਸ਼ਾਨ ਸਨ। ਸਕਾਟਲੈਂਡ ਯਾਰਡ ਦੀ ਵਿਸ਼ੇਸ਼ ਅਪਰਾਧ ਕਮਾਨ ਨੇ ਹੱਤਿਆ ਦੇ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਤੇ ਦੋ ਲੋਕਾਂ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ।

ਲੰਡਨ ਦੇ ਮੇਅਰ ਸਾਦਿਕ ਖਾਨ ਨੇ ਸੋਮਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਤੇ ਸ਼ਹਿਰ ਵਿਚ ਚਾਕੂਬਾਜ਼ੀ ਦੀਆਂ ਘਟਨਾਵਾਂ ਨਾਲ ਨਿਪਟਣ ਦੇ ਲਈ ਸਰਕਾਰ ਤੋਂ ਜ਼ਿਆਦਾ ਫੰਡ ਦੀ ਮੰਗ ਕੀਤੀ। ਘਟਨਾ ਵਾਲੀ ਥਾਂ 'ਤੇ ਪਹੁੰਚੇ ਬ੍ਰਿਟੇਨ ਦੇ ਸਿੱਖ ਨੇਤਾ ਜਸ ਅਟਵਾਲ ਨੇ ਕਿਹਾ ਕਿ ਉਹਨਾਂ ਦਾ ਮੰਨਣਾ ਹੈ ਕਿ ਸਥਾਨਕ ਭਾਰਤੀ ਪਰਵਾਸੀ ਭਾਈਚਾਰੇ ਵਿਚ ਚਾਕੂਬਾਜ਼ੀ ਦੀ ਇਕ ਇਕੱਲੀ ਘਟਨਾ ਹੈ। ਉਹਨਾਂ ਨੇ ਕਿਹਾ ਕਿ ਮੈਂ ਮੇਅਰ ਨੂੰ ਸਪੱਸ਼ਟ ਕੀਤਾ ਹੈ ਕਿ ਇਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਜ਼ਿਆਦਾ ਕੰਮ ਕੀਤਾ ਜਾਣਾ ਚਾਹੀਦਾ ਹੈ। ਹੁਣ ਸਾਨੂੰ ਹੋਰ ਜ਼ਿਆਦਾ ਪੁਲਸ ਦੀ ਲੋੜ ਹੈ। 


author

Baljit Singh

Content Editor

Related News