ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ 'ਤੇ ਲੱਗੇ ਕਤਲ ਦੇ ਕਈ ਦੋਸ਼
Wednesday, Jan 22, 2020 - 12:31 PM (IST)

ਨਿਊਯਾਰਕ— ਕੈਲੀਫੋਰਨੀਆ 'ਚ ਭਾਰਤੀ ਮੂਲ ਦੇ ਇਕ ਅਮਰੀਕੀ ਵਿਅਕਤੀ ਨੇ ਆਪਣੇ ਵਾਹਨ ਨਾਲ ਇਕ ਕਾਰ ਨੂੰ ਜਾਣ-ਬੁੱਝ ਕੇ ਟੱਕਰ ਮਾਰੀ ਜਿਸ ਕਾਰਨ ਕਾਰ 'ਚ ਸਵਾਰ 6 ਨਾਬਾਲਗਾਂ 'ਚੋਂ 3 ਦੀ ਮੌਤ ਹੋ ਗਈ ਅਤੇ ਬਾਕੀ ਜ਼ਖਮੀ ਹੋ ਗਏ। ਭਾਰਤੀ ਮੂਲ ਦੇ ਵਿਅਕਤੀ 'ਤੇ ਕਤਲ ਕਰਨ ਦੇ ਕਈ ਦੋਸ਼ ਲਗਾਏ ਗਏ ਹਨ। ਅਮਰੀਕੀ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਕੈਲੀਫੋਰਨੀਆ ਦੇ ਕੋਰੋਨਾ ਸ਼ਹਿਰ ਦੇ ਨਿਵਾਸੀ ਅਨੁਰਾਗ ਚੰਦਰਾਲ(42) ਨੂੰ ਘਟਨਾ ਦੇ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਇਹ ਹਾਦਸਾ ਐਤਵਾਰ ਦੇਰ ਰਾਤ ਨੂੰ ਵਾਪਰਿਆ।
ਕੈਲੀਫੋਰਨੀਆ ਹਾਈਵੇਅ ਪੈਟਰੋਲ ਦੇ ਲੈਫਟੀਨੈਂਟ ਡੇਵਿਡ ਯੋਕਲੇ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਕਤਲ ਹੈ। ਨਿਊਯਾਰਕ ਪੋਸਟ ਨੇ ਉਨ੍ਹਾਂ ਦੇ ਹਵਾਲੇ ਤੋਂ ਦੱਸਿਆ ਕਿ ਸਾਡੀ ਜਾਂਚ 'ਚ ਪਤਾ ਲੱਗਾ ਹੈ ਕਿ ਚੰਦਰਾ ਨੇ ਜਾਣ ਬੁੱਝ ਕੇ ਕਾਰ ਨੂੰ ਟੱਕਰ ਮਾਰੀ, ਜਿਸ ਕਾਰਨ ਡਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ। ਇਹ ਜਾਂਚ 'ਹਿੱਟ ਐਂਡ ਰਨ ਕੇਸ' ਤੋਂ ਕਤਲ ਕੇਸ 'ਚ ਬਦਲ ਗਈ ਹੈ। ਇਕ ਵਿਅਕਤੀ ਨੂੰ ਘਟਨਾ ਵਾਲੇ ਸਥਾਨ 'ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦਕਿ ਹੋਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਬਾਅਦ 'ਚ 2 ਲੋਕਾਂ ਦੀ ਮੌਤ ਹੋ ਗਈ। ਅਜੇ ਇਹ ਪਤਾ ਨਹੀਂ ਲੱਗਾ ਕਿ ਪੀੜਤਾਂ ਨੇ ਸੀਟ ਬੈਲਟ ਲਗਾਈ ਸੀ ਜਾਂ ਨਹੀਂ। ਯੋਕਲੇ ਨੇ ਹਾਦਸੇ ਦੇ ਪਿੱਛੇ ਦੇ ਮਕਸਦ ਦਾ ਖੁਲਾਸਾ ਨਹੀਂ ਕੀਤਾ।