ਰੇਪ ''ਤੇ ਆਪਣੇ ਬਿਆਨ ''ਤੇ ਘਿਰੀ ਭਾਰਤੀ ਮੂਲ ਦੀ ਜੱਜ
Wednesday, Feb 06, 2019 - 11:49 PM (IST)

ਵਾਸ਼ਿੰਗਟਨ— ਡੈਮੋਕ੍ਰੇਟਿਕ ਪਾਰਟੀ ਵਲੋਂ ਭਾਰਤੀ ਮੂਲ ਦੀ ਨੇਓਮੀ ਰਾਵ ਨੂੰ ਅਮਰੀਕੀ ਕੋਰਟ ਆਫ ਅਪੀਲ 'ਚ ਜੱਜ ਦੇ ਤੌਰ 'ਤੇ ਨਾਮਜ਼ਦ ਕੀਤਾ ਗਿਆ ਸੀ। ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਵ ਨੂੰ ਦੀਵਾਲੀ ਦੇ ਜਸ਼ਨ ਮੌਕੇ ਨਾਮਜ਼ਦ ਕੀਤਾ ਸੀ। ਪਰੰਤੂ ਹੁਣ ਨੇਓਮੀ ਰਾਵ ਨੂੰ ਬਲਾਤਕਾਰ 'ਤੇ ਦਿੱਤੇ ਗਏ ਆਪਣੇ ਪੁਰਾਣੇ ਬਿਆਨ ਕਾਰਨ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ 'ਚ ਕਾਫੀ ਸਾਲ ਪਹਿਲਾਂ ਨੇਓਮੀ ਰਾਵ ਨੇ ਯੇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਰੇਪ ਤੋਂ ਬਚਣ ਲਈ ਆਪਣੇ ਵਿਵਹਾਰ 'ਚ ਬਦਲਾਅ ਕਰਨ ਦੀ ਲੋੜ ਹੈ।
ਬਲਾਤਕਾਰ ਨੂੰ ਲੈ ਕੇ ਦਿੱਤੇ ਗਏ ਆਪਣੇ ਬਿਆਨ ਦੇ ਕਾਰਨ ਰਾਵ ਨੂੰ ਦੁਬਾਰਾ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੈਨੇਟ ਦੀ ਜਿਊਡਿਸ਼ਰੀ ਕਮੇਟੀ ਨੇ ਨੇਓਮੀ ਦੀ ਨਾਮਜ਼ਦਗੀ 'ਤੇ ਵਿਚਾਰ ਕਰਨ 'ਤੇ ਚਰਚਾ ਕੀਤੀ ਹੈ। ਰਾਵ ਨੇ 1994 'ਚ ਸ਼ੇਡ ਆਫ ਗ੍ਰੇ 'ਚ ਆਪਣੇ ਵਿਚਾਰ ਪ੍ਰਸਤੁਤ ਕੀਤੇ ਸਨ। ਉਨ੍ਹਾਂ ਕਿਹਾ ਸੀ ਕਿ ਜੋ ਵਿਅਕਤੀ ਇਕ ਨਸ਼ੇ 'ਚ ਧੁਤ ਔਰਤ ਦਾ ਰੇਪ ਕਰਦਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਇਕ ਬਿਹਤਰ ਤਰੀਕਾ ਹੈ ਕਿ ਅਸੀਂ ਜੈਂਟਲਮੈਨ ਬਣੇ ਰਹੀਏ।
ਮੰਗਲਵਾਰ ਨੂੰ ਰਾਵ ਨੇ ਆਪਣੇ ਬਿਆਨ 'ਤੇ ਸਫਾਈ ਦਿੰਦਿਆਂ ਕਿਹਾ ਕਿ ਰੇਪ ਅਪਰਾਧ ਹੈ ਤੇ ਇਸ ਲਈ ਪੀੜਤਾ ਨੂੰ ਜ਼ਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ। ਪਰੰਤੂ ਕੁਝ ਅਜਿਹੇ ਕਦਮ ਔਰਤਾਂ ਜ਼ਰੂਰ ਚੁੱਕ ਸਕਦੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੈਂ ਬਤੌਰ ਮਹਿਲਾ ਤੇ ਲੇਖਕ ਹੁਣ ਹੋਰ ਵੀ ਗੰਭੀਰ ਹੋ ਚੁੱਕੀ ਹਾਂ। ਉਨ੍ਹਾਂ ਕਿਹਾ ਕਿ ਮੈਂ ਸ਼ਾਇਦ ਬਿਹਤਰ ਤਰੀਕੇ ਨਾਲ ਗੱਲ ਨਹੀਂ ਰੱਖ ਸਕੀ, ਮੈਂ ਆਪਣੀ ਮਾਂ ਦੇ ਦਿੱਤੇ ਸੁਝਾਅ ਨੂੰ ਲੋਕਾਂ ਸਾਹਮਣੇ ਰੱਖ ਰਹੀ ਸੀ। ਇਹ ਅਜਿਹਾ ਸੁਝਾਅ ਹੈ ਜੋ ਮੈਂ ਆਪਣੇ ਬੱਚਿਆਂ ਨੂੰ ਦਿੰਦੀ ਹਾਂ, ਮੈਂ ਕਿਸੇ ਵੀ ਤਰ੍ਹਾਂ ਨਾਲ ਪੀੜਤਾ ਨੂੰ ਰੇਪ ਲਈ ਜ਼ਿੰਮੇਦਾਰ ਠਹਿਰਾਉਣ ਦੇ ਆਪਣੇ ਬਿਆਨ ਲਈ ਮੁਆਫੀ ਮੰਗਦੀ ਹਾਂ।