ਸਕਾਟਲੈਂਡ ''ਚ ਭਾਰਤੀ ਮੂਲ ਦੇ ਡਾਕਟਰ ਨੂੰ ਸੈਕਸ ਅਪਰਾਧ ਲਈ 12 ਸਾਲ ਦੀ ਸਜ਼ਾ
Thursday, May 26, 2022 - 12:59 PM (IST)
ਲੰਡਨ (ਬਿਊਰੋ): ਸਕਾਟਲੈਂਡ ਵਿੱਚ ਭਾਰਤੀ ਮੂਲ ਦੇ ਇੱਕ ਡਾਕਟਰ ਨੂੰ ਬੁੱਧਵਾਰ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਉਸ ਨੂੰ 35 ਸਾਲਾਂ ਦੇ ਅਰਸੇ ਦੌਰਾਨ 47 ਮਹਿਲਾ ਮਰੀਜ਼ਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਗਈ। ਉੱਤਰੀ ਲੈਨਾਰਕਸ਼ਾਇਰ ਦੇ ਇੱਕ ਜਨਰਲ ਪ੍ਰੈਕਟੀਸ਼ਨਰ ਕ੍ਰਿਸ਼ਨਾ ਸਿੰਘ (72) 'ਤੇ ਚੁੰਮਣ, ਜ਼ਬਰਦਸਤੀ ਫੜਨ, ਅਨੁਚਿਤ ਟੈਸਟਿੰਗ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਲਗਾਏ ਗਏ ਸਨ। ਸਿੰਘ ਨੇ ਪਿਛਲੇ ਮਹੀਨੇ ਗਲਾਸਗੋ ਵਿੱਚ ਹਾਈ ਕੋਰਟ ਦੇ ਸਾਹਮਣੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ।
ਜੱਜ ਲਾਰਡ ਆਰਮਸਟ੍ਰਾਂਗ ਨੇ ਸਜ਼ਾ ਸੁਣਾਉਣ ਦੌਰਾਨ ਕਿਹਾ ਕਿ ਤੁਸੀਂ ਡਾਕਟਰੀ ਪੇਸ਼ੇ ਦੇ ਮਾਪਦੰਡਾਂ ਦਾ ਅਪਮਾਨ ਕੀਤਾ ਹੈ ਅਤੇ ਮਹਿਲਾ ਮਰੀਜ਼ਾਂ ਦਾ ਭਰੋਸਾ ਤੋੜਿਆ ਹੈ। ਸਿੰਘ ਨੇ ਕਿਹਾ ਸੀ ਕਿ ਮਰੀਜ਼ਾਂ ਦੇ ਦੋਸ਼ ਝੂਠੇ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਟੈਸਟ ਅਜਿਹੇ ਸਨ ਜੋ ਉਨ੍ਹਾਂ ਨੇ ਭਾਰਤ ਵਿੱਚ ਆਪਣੀ ਮੈਡੀਕਲ ਸਿਖਲਾਈ ਦੌਰਾਨ ਸਿੱਖਿਆ ਸੀ। ਉਹ ਕਈ ਜਿਨਸੀ ਅਪਰਾਧਾਂ ਲਈ ਦੋਸ਼ੀ ਪਾਇਆ ਗਿਆ ਸੀ। ਜਾਣਕਾਰੀ ਅਨੁਸਾਰ ਕ੍ਰਿਸ਼ਨਾ ਸਿੰਘ ਨੇ 1983 ਤੋਂ 2018 ਦਰਮਿਆਨ ਇਹ ਵਾਰਦਾਤਾਂ ਕੀਤੀਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਨੇ ਦਿੱਤਾ ਹਥਿਆਰਾਂ ’ਤੇ ਪਾਬੰਦੀ ਦਾ ਸੱਦਾ, ਪੁਲਸ ਸੁਧਾਰ ਕਾਰਜਕਾਰੀ ਆਦੇਸ਼ 'ਤੇ ਕੀਤੇ ਦਸਤਖ਼ਤ
ਸਕਾਟਿਸ਼ ਪੁਲਸ ਦੇ ਜਾਸੂਸਾਂ ਨੇ 2018 ਵਿੱਚ ਇੱਕ ਔਰਤ ਵੱਲੋਂ ਉਸ ਖ਼ਿਲਾਫ਼ ਸ਼ਿਕਾਇਤ ਨਾਲ ਅੱਗੇ ਆਉਣ ਤੋਂ ਬਾਅਦ ਸਿੰਘ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਸੀ। ਉਸ ਨੂੰ ਅਪ੍ਰੈਲ 2018 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਖ਼ਿਲਾਫ਼ ਦੋਸ਼ ਲਗਾਏ ਗਏ ਸਨ। ਜਿਨਸੀ ਅਪਰਾਧਾਂ ਦੇ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਪਹਿਲਾਂ, ਸਿੰਘ ਨੂੰ ਭਾਈਚਾਰੇ ਦਾ ਸਤਿਕਾਰਤ ਮੈਂਬਰ ਮੰਨਿਆ ਜਾਂਦਾ ਸੀ। ਉਸ ਨੂੰ ਡਾਕਟਰੀ ਸੇਵਾਵਾਂ ਵਿੱਚ ਯੋਗਦਾਨ ਲਈ ਰਾਇਲ MBE ਆਨਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।