ਅਮਰੀਕਾ 'ਚ ਹਾਦਸੇ 'ਚ ਮਾਰੀ ਗਈ ਭਾਰਤੀ ਵਿਦਿਆਰਥਣ ਦਾ ਹੋਇਆ ਸਸਕਾਰ, ਜਾਂਦੇ-ਜਾਂਦੇ ਕਰ ਗਈ ਇਹ ਨੇਕ ਕੰਮ
Thursday, Nov 18, 2021 - 09:57 AM (IST)
ਹਿਊਸਟਨ (ਭਾਸ਼ਾ)- ਰੈਪਰ ਟ੍ਰੈਵਿਸ ਸਕਾਟ ਦੇ ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਵਿਚ ਭਾਜੜ ਦੌਰਾਨ ਮਾਰੀ ਗਈ ਭਾਰਤੀ ਮੂਲ ਦੀ ਭਾਰਤੀ ਸ਼ਾਹਨੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਸ਼ਾਹਨੀ ਦੇ ਪਰਿਵਾਰ ਦੇ ਮੈਂਬਰ ਅਤੇ ਮਿੱਤਰ ਮੰਗਲਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਡੀ ਗਿਣਤੀ ਵਿਚ ਇਕੱਤਰ ਹੋਏ। ਸ਼ਾਹਨੀ ਟੈਕਸਾਸ ਏ ਐਂਡ ਐੱਮ ਯੂਨੀਵਰਸਿਟੀ ਦੀ ਵਿਦਿਆਰਥਣ ਸੀ ਅਤੇ ਆਪਣੀ ਭੈਣ ਦੇ ਨਾਲ ਮਿਊਜ਼ਿਕ ਫੈਸਟੀਵਲ ਵਿਚ ਗਈ ਸੀ, ਜਿੱਥੇ ਭਾਜੜ ਵਿਚ ਉਸ ਦੀ ਮੌਤ ਹੋ ਗਈ। ਸ਼ਾਹਨੀ ਇਕ ਹਫ਼ਤੇ ਤੱਕ ਕੋਮਾ ਵਿਚ ਰਹੀ ਅਤੇ 11 ਨਵੰਬਰ ਨੂੰ ਉਸਦੀ ਮੌਤ ਹੋ ਗਈ। ਐਸਟ੍ਰੋਵਰਲਡ ਮਿਊਜ਼ਿਕ ਫੈਸਟੀਵਲ ਹਾਦਸੇ ਵਿਚ 9 ਤੋਂ 27 ਸਾਲ ਦੀ ਉਮਰ ਦੇ 10 ਲੋਕ ਮਾਰੇ ਗਈ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਭਾਰਤੀ ਮੂਲ ਦੀ 22 ਸਾਲਾ ਵਿਦਿਆਰਥਣ ਦੀ ਮੌਤ
ਸ਼ਾਹਨੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਈ ਉਸ ਦੀ ਮਾਂ ਨੇ ਕਿਹਾ, 'ਭਾਰਤੀ ਨੇ ਨਾਬਾਲਗ ਉਮਰ ਵਿਚ ਹੀ ਅੰਗਦਾਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ। ਉਸ ਦੇ ਅੰਗਾਂ ਨਾਲ ਹੁਣ ਦੂਜਿਆਂ ਦੀ ਮਦਦ ਹੋ ਸਕੇਗੀ। ਉਹ ਦਿਆਲਤਾ ਦਾ ਇਕ ਆਖਰੀ ਕੰਮ ਵੀ ਕਰ ਗਈ।' ਸੰਗੀਤ ਸਮਾਰੋਹ ਵਿਚ ਨਾਲ ਗਈ ਸ਼ਾਹਨੀ ਦੀ ਇਕ ਰਿਸ਼ਤੇਦਾਰ ਨੇ ਕਿਹਾ, 'ਸ਼ਾਹਨੀ ਮੇਰੇ ਲਈ ਛੋਟੀ ਭੈਣ ਵਰਗੀ ਸੀ। ਮੈਂ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਦਿਨ ਆਵੇਗਾ ਅਤੇ ਮੈਂ ਕੀ ਕਹਾਂ ਕੁੱਝ ਸਮਝ ਨਹੀਂ ਆ ਰਹੀ।'