ਸਿੰਗਾਪੁਰ : ਭਾਰਤੀ ਮੂਲ ਦੀ ਔਰਤ ਨੇ ਘਰੇਲੂ ਸਹਾਇਕਾ ਨੂੰ ਮਾਰਿਆ ਥੱਪੜ, 7 ਸਾਲ ਦੀ ਸਜ਼ਾ
Thursday, Apr 15, 2021 - 11:10 AM (IST)
ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੀ 51 ਸਾਲਾ ਇਕ ਔਰਤ ਨੂੰ ਘਰੇਲੂ ਸਹਾਇਕਾ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਬੁੱਧਵਾਰ ਨੂੰ 7 ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਦੋਸ਼ੀ ਠਹਿਰਾਈ ਗਈ ਔਰਤ, ਸਿੰਗਾਪੁਰ ਦੇ ਚਾਂਗੀ ਜੇਲ ਦੀ ਸਾਬਕਾ ਕੌਂਸਲਰ ਹੈ।
ਮੀਡੀਆ ’ਚ ਪ੍ਰਕਾਸ਼ਿਤ ਇਕ ਖਬਰ ਮੁਤਾਬਕ, ਗਾਇਤਰੀ ਅਈਅਰ ਨੇ ਘਰੇਲੂ ਸਹਾਇਕਾ ਨੂੰ ਇੰਨੀ ਜ਼ੋਰ ਨਾਲ ਥੱਪੜ ਮਾਰਿਆ ਕਿ ਕੁਝ ਸਮੇਂ ਲਈ ਉਸਦੀ ਸੁਣਨ ਸ਼ਕਤੀ ਚਲੀ ਗਈ। ਸਟ੍ਰੇਟਸ ਟਾਈਮਜ਼ ਦੀ ਖਬਰ ਮੁਤਾਬਕ, ਅਈਅਰ ਨੇ ਆਪਣੀ ਸਹਾਇਕਾ, ਮਿਆਂਮਾਰ ਦੀ ਨਾਗਰਿਕ ਥਾਂਗ ਖਾਂ ਲਾਮ ਨਾਲ ਕੁੱਟਮਾਰ ਕੀਤੀ ਸੀ ਜਿਸਦੇ ਲਈ ਉਸਨੂੰ ਫਰਵਰੀ ’ਚ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਅਈਅਰ ਸਜ਼ਾ ਦੇ ਖਿਲਾਫ ਅਪੀਲ ਕਰ ਰਹੀ ਹੈ ਅਤੇ ਇਸ ਸਮੇਂ 15,000 ਸਿੰਗਾਪੁਰ ਡਾਲਰ (8,43,158 ਭਾਰਤੀ ਰੁਪਏ) ਦੀ ਜਮਾਨਤ ’ਤੇ ਹੈ। ਕੁੱਟਮਾਰ ਦੀ ਘਟਨਾ ਤੋਂ ਬਾਅਦ ਪੀੜਤਾ ਦਾ ਇਕ ਮਹੀਨੇ ਤੱਕ ਖੱਬਾ ਕੰਨ ਖਰਾਬ ਰਿਹਾ ਸੀ ਹਾਲਾਂਕਿ ਬਾਅਦ ’ਚ ਉਹ ਠੀਕ ਹੋ ਗਈ।