ਬ੍ਰਿਟੇਨ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 4 ਸਾਲ ਦੀ ਜੇਲ

02/13/2019 1:33:34 PM

ਲੰਡਨ, (ਰਾਜਵੀਰ ਸਮਰਾ)- ਬ੍ਰਿਟੇਨ 'ਚ ਰਹਿ ਰਹੇ ਭਾਰਤੀ ਮੂਲ ਦੇ ਵਿਅਕਤੀ ਇਮਤਿਆਜ਼ ਪਟੇਲ ਨੂੰ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ ਹੈ ਕਿ ਪਟੇਲ ਨੇ ਬੁਰਕਾ ਪਹਿਨ ਦੇ ਲੈਸਟਰ ਸ਼ਹਿਰ 'ਚ ਇਕ ਸੁਨਿਆਰੇ ਦੀ ਦੁਕਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਮਾਰ ਕੀਤੀ ਸੀ। ਜਾਣਕਾਰੀ ਅਨੁਸਾਰ ਲੈਸਟਰ ਕ੍ਰਾਊਨ ਕੋਰਟ 'ਚ ਇਮਤਿਆਜ਼ ਪਟੇਲ (42) ਨੂੰ ਇਸ ਮਾਮਲੇ 'ਚ ਦੋਸ਼ੀ ਸਿੱਧ ਹੋਣ 'ਤੇ ਸਜ਼ਾ ਸੁਣਾਈ ਗਈ ਹੈ। ਉਸ 'ਤੇ ਧਾਰਮਿਕ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵੀ ਲੱਗੇ ਹਨ। ਇਸ ਲਈ ਉਸ ਨੂੰ 2 ਮਹੀਨੇ ਹੋਰ ਕੈਦ ਅਧੀਨ ਰਹਿਣਾ ਪਵੇਗਾ। 

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕੰਮ ਲਈ ਮੈਂ ਗਸ਼ਤ 'ਤੇ ਤਾਇਨਾਤ ਅਫਸਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਪਟੇਲ ਛੇਤੀ ਹੀ ਫੜਿਆ ਗਿਆ। ਅਦਾਲਤ 'ਚ ਦੱਸਿਆ ਗਿਆ ਕਿ ਘਟਨਾ ਸਮੇਂ ਪਟੇਲ ਨੇ ਬੁਰਕਾ ਅਤੇ ਸਕਾਰਫ਼ ਪਾਇਆ ਸੀ ਜਦੋਂ ਉਸ ਨੇ ਹੇਅਮਾਰਕਿਟ ਇਲਾਕੇ ਦੀ ਇਕ ਸਰਾਫ਼ਾ ਦੁਕਾਨ 'ਚ ਲੁੱਟਮਾਰ ਕੀਤੀ ਸੀ।
ਦੋਸ਼ ਹੈ ਕਿ ਬੀਤੀ 5 ਜਨਵਰੀ ਨੂੰ ਦੁਕਾਨ 'ਚ ਦਾਖ਼ਲ ਹੋ ਕੇ ਪਹਿਲਾਂ ਉਸ ਨੇ ਕੁਝ ਸਾਮਾਨ ਦੇਖਿਆ ਤੇ ਫਿਰ ਦੁਕਾਨ ਦੇ ਸਟਾਫ਼ ਨੂੰ ਚਾਕੂ ਨਾਲ ਧਮਕਾਉਣਾ ਸ਼ੁਰੂ ਕਰ ਦਿੱਤਾ। ਖੁਸ਼ਕਿਸਮਤੀ ਨਾਲ ਉਸੇ ਇਲਾਕੇ 'ਚ ਪੁਲਸ ਦੀ ਇਕ ਟੀਮ ਗਸ਼ਤ ਕਰ ਰਹੀ ਸੀ ਜਿਨ੍ਹਾਂ ਨੇ ਜਾਣਕਾਰੀ ਮਿਲਣ ਤੋਂ ਬਾਅਦ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ।


Related News