ਨਸ਼ੇ 'ਚ ਟੱਲੀ ਹੋ ਕੇ ਫਲਾਈਟ 'ਚ ਹੰਗਾਮਾ ਕਰਨ ਵਾਲਾ ਭਾਰਤੀ ਗੁਜਰਾਤੀ ਗ੍ਰਿਫ਼ਤਾਰ

Sunday, Mar 24, 2024 - 12:52 PM (IST)

ਨਸ਼ੇ 'ਚ ਟੱਲੀ ਹੋ ਕੇ ਫਲਾਈਟ 'ਚ ਹੰਗਾਮਾ ਕਰਨ ਵਾਲਾ ਭਾਰਤੀ ਗੁਜਰਾਤੀ ਗ੍ਰਿਫ਼ਤਾਰ

ਫਿਲਾਡੇਲਫੀਆ (ਰਾਜ ਗੋਗਨਾ)- ਬੀਤੇ ਦਿਨ ਫਲੋਰੀਡਾ ਦੇ ਟੈਂਪਾ ਤੋਂ ਫਿਲਾਡੇਲਫੀਆ (ਪੇਨਸਿਲਵੈਨੀਆ) ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 'ਚ ਨਸ਼ੇ ਵਿਚ ਟੱਲੀ ਹੋ ਕੇ ਹੰਗਾਮਾ ਕਰਨ ਵਾਲੇ ਗੁਜਰਾਤੀ ਮੂਲ ਦੇ ਭਾਰਤੀ ਨੌਜਵਾਨ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੁਜਰਾਤੀ ਭਾਰਤੀ ਨੌਜਵਾਨ ਸਾਹਿਲ ਪਟੇਲ ਨੂੰ ਸ਼ਰਾਬੀ ਹਾਲਤ 'ਚ ਜਹਾਜ ਵਿੱਚ ਸਫ਼ਰ ਕਰ ਰਹੇ ਲੋਕਾਂ ਨਾਲ ਹੰਗਾਮਾ ਅਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਨੌਜਵਾਨ ਦਾ ਨਾਂ ਸਾਹਿਲ ਪਟੇਲ ਦੱਸਿਆ ਗਿਆ ਹੈ, ਜੋ ਅਮਰੀਕਨ ਏਅਰਲਾਈਨਜ਼ ਦੀ ਫਲਾਈਟ 'ਚ ਆਪਣੇ ਜੱਦੀ ਸ਼ਹਿਰ ਟੈਂਪਾ ਤੋਂ ਫਿਲਾਡੇਲਫੀਆ ਜਾ ਰਿਹਾ ਸੀ। 

ਹਾਲਾਂਕਿ ਬੀਤੇ ਮੰਗਲਵਾਰ ਨੂੰ ਵਾਪਰੀ ਇਸ ਘਟਨਾ 'ਚ ਸ਼ਰਾਬੀ ਸਾਹਿਲ ਪਟੇਲ ਨੇ ਸੀਟ 'ਤੇ ਬੈਠਦੇ ਹੀ ਦੂਜੇ ਯਾਤਰੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਨਸਲੀ ਟਿੱਪਣੀਆਂ ਕੀਤੀਆਂ ਅਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਧਮਕੀ ਦਿੱਤੀ। ਸਾਹਿਲ ਪਟੇਲ ਨੂੰ ਮਨਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੇ ਲੜਾਈ ਬੰਦ ਨਹੀਂ ਕੀਤੀ ਅਤੇ ਆਖਰਕਾਰ ਉਸ ਨੂੰ ਜ਼ਬਰਦਸਤੀ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਘਟਨਾ ਦੀ ਵਾਇਰਲ ਹੋਈ ਵੀਡੀਓ ਵਿੱਚ ਇੱਕ ਵਿਅਕਤੀ ਸਾਹਿਲ ਨੂੰ ‘ਬੇਟਾ…ਬੇਟਾ…’ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਸੁਣਿਆ ਜਾ ਸਕਦਾ ਹੈ, ਮਤਲਬ ਕਿ ਸਾਹਿਲ ਦੇ ਨਾਲ ਇੱਕ ਪਰਿਵਾਰਕ ਮੈਂਬਰ ਵੀ ਉਸੇ ਫਲਾਈਟ ਵਿੱਚ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਰੂਸ ਅੱਤਵਾਦੀ ਹਮਲਾ: ਮਰਨ ਵਾਲਿਆਂ ਦੀ ਗਿਣਤੀ 150 ਤੱਕ ਪਹੁੰਚੀ, ਲੋਕਾਂ ਨੇ ਕੈਂਡਲ ਬਾਲ ਕੇ ਦਿੱਤੀ ਸ਼ਰਧਾਂਜਲੀ

29 ਸਾਲਾ ਸਾਹਿਲ ਪਟੇਲ 'ਤੇ ਫਲਾਈਟ ਅਟੈਂਡੈਂਟ ਨਾਲ ਲੜਾਈ ਕਰਨ ਅਤੇ ਉਸ ਨਾਲ ਜ਼ੁਬਾਨੀ ਹਮਲਾ ਕਰਨ ਦਾ ਦੋਸ਼ ਹੈ। ਸਾਹਿਲ ਨੂੰ ਹਿਲਸਬਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਜਹਾਜ਼ ਤੋਂ ਕਿੱਕ ਆਫ ਕੀਤੇ ਜਾਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਸਾਹਿਲ 'ਤੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ੀ ਸਾਬਤ ਹੋਣ 'ਤੇ ਉਸ ਨੂੰ ਇਕ ਸਾਲ ਦੀ ਕੈਦ ਅਤੇ 1,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਸ਼ੈਰਿਫ ਦਫਤਰ ਵੱਲੋਂ ਉਸ ਖ਼ਿਲਾਫ਼ ਦਾਇਰ ਕੀਤੇ ਗਏ ਹਲਫਨਾਮੇ ਮੁਤਾਬਕ ਸਾਹਿਲ ਨਸ਼ੇ ਦੀ ਹਾਲਤ 'ਚ ਸੀ, ਜਿਵੇਂ ਹੀ ਉਹ ਜਹਾਜ਼ 'ਚ ਦਾਖਲ ਹੋਇਆ ਅਤੇ ਯਾਤਰੀਆਂ 'ਤੇ ਰੌਲਾ ਪਾਉਣ ਲੱਗਾ। ਇਸ ਦੌਰਾਨ ਸਾਹਿਲ 'ਤੇ ਇਕ ਵਿਅਕਤੀ 'ਤੇ ਹੱਥ ਚੁੱਕਣ ਦੇ ਦੋਸ਼ ਵੀ ਲੱਗੇ ਹਨ ਅਤੇ ਉਸ 'ਤੇ ਉਸ ਨੇ ਥੁੱਕਿਆ ਵੀ ਸੀ।

ਜਦੋਂ ਇਹ ਘਟਨਾ ਵਾਪਰੀ ਤਾਂ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਜਿਸ ਵਿੱਚ ਸਾਹਿਲ ਪਟੇਲ ਸਵਾਰ ਸੀ, ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਖੜ੍ਹਾ ਸੀ ਅਤੇ ਇੱਕ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ। ਇੱਕ ਵੀਡੀਓ ਵਿੱਚ ਸਾਹਿਲ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਮੈਂ ਆਪਣੇ ਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਤੁਸੀਂ ਲੋਕ ਰੁਕਾਵਟ ਪੈਦਾ ਕਰ ਰਹੇ ਹੋ।  ਵੀਡੀਓ ਵਿਚ ਸਾਹਿਲ ਦੀ ਬਕਵਾਸ ਤੋਂ ਤੰਗ ਆ ਕੇ ਇਕ ਯਾਤਰੀ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਸੁਣਿਆ ਜਾ ਸਕਦਾ ਹੈ, ਪਰ ਸਾਹਿਲ ਉਸ ਦੀ ਗੱਲ ਸੁਣਨ ਦੀ ਬਜਾਏ ਉਸ ਨਾਲ ਲੜਾਈ ਸ਼ੁਰੂ ਕਰ ਦਿੰਦਾ ਹੈ। ਯਾਤਰੀ ਸਾਹਿਲ ਨੂੰ ਧਮਕਾਉਂਦਾ ਹੈ ਅਤੇ ਉਸ ਨੂੰ ਹੇਠਾਂ ਸੁੱਟ ਦਿੰਦਾ ਹੈ। ਸਾਹਿਲ ਪਟੇਲ ਦੀਆਂ ਹਰਕਤਾਂ ਕਾਰਨ ਫਲਾਈਟ 'ਚ ਵੱਡਾ ਹੰਗਾਮਾ ਹੋਣ ਤੋਂ ਬਾਅਦ ਸਥਿਤੀ 'ਤੇ ਕਾਬੂ ਪਾਉਣ ਲਈ ਸਥਾਨਕ ਪੁਲਸ ਨੂੰ ਬੁਲਾਇਆ ਗਿਆ, ਜਿਸ ਨੇ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ 'ਤੇ ਦੋ ਦੋਸ਼ ਲਗਾਏ। ਹੰਗਾਮੇ ਕਾਰਨ ਟੈਂਪਾ ਤੋਂ ਫਿਲਾਡੇਲਫੀਆ ਜਾਣ ਵਾਲੀ ਫਲਾਈਟ ਅੱਧਾ ਘੰਟਾ ਲੇਟ ਵੀ ਹੋ ਗਈ। ਸ਼ੁੱਕਰਵਾਰ ਤੱਕ ਸਾਹਿਲ ਪਟੇਲ ਨੂੰ ਹਿਲਸਬਰੋ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਸੀ, ਅਤੇ ਉਸਦੀ ਰਿਹਾਈ ਲਈ 2,150 ਡਾਲਰ ਦਾ ਬਾਂਡ ਪੋਸਟ ਕੀਤਾ ਗਿਆ ਹੈ। ਪਬਲਿਕ ਡਿਫੈਂਡਰ ਦਾ ਦਫਤਰ ਸਾਹਿਲ ਦੀ ਤਰਫੋਂ ਕੇਸ ਲੜ ਰਿਹਾ ਹੈ, ਜਿਸ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News